ਮੁੱਖ ਮੰਤਰੀ ਵੱਲੋਂ ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਦੀਨਾਨਗਰ, 29 ਜੁਲਾਈ 2024 (ਦੀ ਪੰਜਾਬ ਵਾਇਰ)। ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਸੈਕਸ਼ਨ ਉਤੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ।


ਇੱਥੇ 51.74 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਰੇਲਵੇ ਓਵਰ ਬ੍ਰਿਜ ਮੁੱਖ ਮੰਤਰੀ ਦਾ ਸ਼ਹਿਰ ਦੇ ਲੋਕਾਂ ਲਈ ਬਹੁਤ ਵੱਡਾ ਤੋਹਫ਼ਾ ਹੈ। ਇਹ ਰੇਲਵੇ ਓਵਰ ਬ੍ਰਿਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਸੈਕਸ਼ਨ ਉਤੇ ਸੀ-60 ਲੈਵਲ ਕਰਾਸਿੰਗ ਦੀ ਥਾਂ ਉਸਾਰਿਆ ਗਿਆ ਹੈ। ਇਸ ਕੰਮ ਵਿੱਚ ਰੇਲਵੇ ਵਾਲੇ ਹਿੱਸੇ ਤੇ ਨਾਲ ਜੁੜਦੀਆਂ ਸੜਕਾਂ ਦਾ ਕੰਮ ਸ਼ਾਮਲ ਹੈ ਅਤੇ ਇਸ ਉਤੇ ਪੂਰਾ ਪੈਸਾ ਪੰਜਾਬ ਸਰਕਾਰ ਵੱਲੋਂ ਖਰਚਿਆ ਗਿਆ ਹੈ। ਇਹ 7.30 ਮੀਟਰ ਲੰਮਾ ਤੇ 10.5 ਮੀਟਰ ਚੌੜਾ ਪ੍ਰਾਜੈਕਟ 2019 ਵਿੱਚ ਸ਼ੁਰੂ ਹੋਇਆ ਸੀ ਅਤੇ ਸਮੇਂ ਸਿਰ ਮੁਕੰਮਲ ਹੋਇਆ ਹੈ।

ਇਸ ਰੇਲਵੇ ਓਵਰ ਬ੍ਰਿਜ ਦੇ ਦੋਵੇਂ ਪਾਸੇ 0.75 ਮੀਟਰ ਚੌੜਾ ਫੁੱਟਪਾਥ ਉਸਾਰਿਆ ਗਿਆ ਹੈ ਅਤੇ ਦੋਵੇਂ ਪਾਸਿਆਂ ਉਤੇ ਸਰਵਿਸ ਰੋਡ ਤੇ ਹਾਈਵੇਅ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬ੍ਰਿਜ ਦੇ ਹੇਠਾਂ ਪੇਵਰ ਟਾਈਲਾਂ ਨਾਲ ਢੁਕਵੀਂ ਪਾਰਕਿੰਗ ਬਣਾਈ ਗਈ ਹੈ। ਸ਼ਹਿਰ ਵਾਸੀਆਂ ਲਈ ਇਹ ਪ੍ਰਾਜੈਕਟ ਬਹੁਤ ਅਹਿਮ ਹੈ ਅਤੇ ਇਹ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।


ਇਸ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨਾਲ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਉਤੇ ਸੀ-60 ਲੈਵਲ ਕਰਾਸਿੰਗ ਖ਼ਤਮ ਹੋ ਜਾਵੇਗੀ। ਇਸ ਨਾਲ ਸਰਹੱਦੀ ਪਿੰਡਾਂ ਤੋਂ ਦੀਨਾਨਗਰ ਸ਼ਹਿਰ ਆਉਣ ਵਾਲਿਆਂ ਨੂੰ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ। ਇਹ ਫੌਜ ਦੀ ਗਤੀਵਿਧੀ ਲਈ ਵੀ ਰਣਨੀਤਿਕ ਰੂਟ ਬਣੇਗਾ, ਜਿਸ ਨਾਲ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਵਿੱਚ ਸੌਖ ਹੋਵੇਗੀ।

Leave a Comment

[democracy id="1"]

You May Like This