ਗੁਰਦਾਸਪੁਰ, 24 ਜੁਲਾਈ ( ਪੰਜਾਬੀ ਅੱਖਰ ) – ਸੀ.ਬੀ.ਏ ਇੰਫੋਟੈਕ ਗੁਰਦਾਸਪੁਰ ਵਲੋਂ ਵਾਤਾਵਰਨ ਨੂੰ ਲੈ ਕੇ ਵਣ ਮਹਾਉਤਸਵ ਦੇ ਤਹਿਤ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਪੌਦੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਵਣ ਮਹਾਉਤਸਵ ਦੇ ਸਬੰਧ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਨੌਜਵਾਨ ਪੀੜ੍ਹੀ ਨੂੰ ਰੁੱਖਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਇਸੇ ਮਕਸਦ ਨੂੰ ਲੈ ਕੇ ਅਸੀਂ ਅੱਜ ਆਪਣੇ ਇੰਸਟੀਚਿਊਟ ਦੇ ਸਾਰੇ ਬੱਚਿਆਂ ਨੂੰ ਪੌਦੇ ਵੰਡੇ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਖਾਲੀ ਥਾਂ ’ਤੇ ਇਹ ਰੁੱਖ ਜ਼ਰੂਰ ਲਗਾਉਣ ਅਤੇ ਪੌਦਾ ਲਗਾਉਣ ਤੋਂ ਬਾਅਦ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਰੁੱਖ ਮਨੁੱਖ ਦੇ ਜੀਵਨ ਦਾ ਅਹਿਮ ਹਿੱਸਾ ਹਨ ਜੋ ਸਾਨੂੰ ਸਾਫ ਆਕਸੀਜਨ ਪ੍ਰਦਾਨ ਕਰਦੇ ਹਨ। ਕੁਦਰਤ ਵਲੋਂ ਮਨੁੱਖ ਨੂੰ ਰੁੱਖਾਂ ਦੇ ਰੂਪ ਵਿੱਚ ਇਕ ਬਹੁਤ ਵੱਡਾ ਵਰਦਾਨ ਦਿੱਤਾ ਗਿਆ ਹੈ ਜਿਸਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫਰਜ ਹੈ। ਉਹਨਾਂ ਕਿਹਾ ਕਿ ਮਨੁੱਖ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬੜੀ ਹੀ ਤੇਜ਼ੀ ਨਾਲ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਇਹ ਉਪਰਾਲਾ ਕਰਕੇ ਬੜੀ ਖੁਸ਼ੀ ਮਹਿਸੁੂਸ ਹੋ ਰਹੀ ਹੈ ਅਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਹਰ ਵਿਅਕਤੀ ਇਕ ਰੁੱਖ ਜ਼ਰੂਰ ਲਗਾਏ ਤਾਂ ਜੋ ਅਸੀਂ ਸਾਫ ਵਾਤਾਵਰਨ ਵਿਚ ਸਾਹ ਲੈ ਸਕੀਏ।
