Search
Close this search box.

ਲੋਕ ਸਭਾ ਚੋਣਾਂ: ਪੰਜਾਬ ਵਿੱਚ ਪੋਲਿੰਗ 3.16 ਫ਼ੀਸਦ ਘਟੀ

ਚੰਡੀਗੜ੍ਹ, 2 ਜੂਨ

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਸ਼ਨਿਚਰਵਾਰ ਨੂੰ ਪੋਲਿੰਗ ਅਮਨ-ਅਮਾਨ ਨਾਲ ਮੁਕੰਮਲ ਹੋ ਗਈ। ਇਸ ਦੇ ਨਾਲ ਹੀ ਚੋਣ ਮੈਦਾਨ ਵਿੱਚ ਨਿੱਤਰੇ 328 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿੱਚ ਬੰਦ ਹੋ ਚੁੱਕੀ ਹੈ, ਜਿਨ੍ਹਾਂ ਦਾ ਫ਼ੈਸਲਾ 4 ਜੂਨ ਨੂੰ ਹੋਵੇਗਾ। ਪੰਜਾਬ ਵਿੱਚ ਐਤਕੀਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ’ਚ 3.16 ਫ਼ੀਸਦ ਪੋਲਿੰਗ ਘੱਟ ਹੋਈ ਹੈ। ਸੂਬੇ ਦੇ ਚੋਣ ਕਮਿਸ਼ਨ ਮੁਤਾਬਕ ਇਸ ਵਾਰ 62.80 ਫ਼ੀਸਦ ਵੋਟਿੰਗ ਹੋਈ ਹੈ ਜਦਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 65.96 ਫ਼ੀਸਦ ਲੋਕਾਂ ਨੇ ਆਪਣੀ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 69.36 ਫ਼ੀਸਦ ਵੋਟਾਂ ਪਈਆਂ ਹਨ ਜਦਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ ਜਿਸ ਕਾਰਨ ਉਥੇ ਸਭ ਤੋਂ ਘੱਟ 56.06 ਫ਼ੀਸਦ ਮਤਦਾਨ ਹੋਇਆ ਹੈ।ਸੂਬੇ ਵਿੱਚ ਮਤਦਾਨ ਘਟਣ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਸ਼ਸ਼ੋਪੰਜ ’ਚ ਹਨ। ਸੂਬੇ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ), ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੈ। ਉਂਜ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਅਤੇ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ, ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ’ਤੇ ਚੋਣ ਲੜ ਰਹੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਅਤੇ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਵੀ ਗਣਿਤ ਵਿਗਾੜ ਰੱਖਿਆ ਹੈ। ਚੋਣਾਂ ਦੌਰਾਨ ‘ਆਪ’ ਵੱਲੋਂ ਸੂਬੇ ’ਚ ਆਪਣੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੇ ਸਿਰ ’ਤੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਨੇ ਕੇਂਦਰ ’ਚ ਆਪਣੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਅਤੇ ਰਾਮ ਮੰਦਰ ਦੇ ਨਾਂ ’ਤੇ ਵੋਟਾਂ ਮੰਗੀਆਂ ਗਈਆਂ। ਕਾਂਗਰਸ ਵੱਲੋਂ ਸੰਵਿਧਾਨ ਦੀ ਰਾਖੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਦੀ ਰਾਖੀ ਤੇ ਸੂਬੇ ਦੀ ਖੁਸ਼ਹਾਲੀ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਮ ’ਤੇ ਵੋਟਾਂ ਮੰਗੀਆਂ ਗਈਆਂ ਸਨ। ਉਧਰ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ’ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਅਤੇ ਵੱਖ-ਵੱਖ ਥਾਈਂ ਉਨ੍ਹਾਂ ਨੂੰ ਸਵਾਲ ਪੁੱਛੇ। ਕਈ ਥਾਵਾਂ ’ਤੇ ‘ਆਪ’ ਉਮੀਦਵਾਰਾਂ ਨੂੰ ਵੀ ਕਿਸਾਨਾਂ ਦਾ ਵਿਰੋਧ ਸਹਿਣ ਕਰਨਾ ਪਿਆ।

 

Leave a Comment

[democracy id="1"]

You May Like This