ਨਵੀਂ ਦਿੱਲੀ, 2 ਜੂਨ
ਕਾਂਗਰਸ ਨੇ ਐਗਜ਼ਿਟ ਪੋਲ ਨੂੰ ‘ਫਰਜ਼ੀ’ ਕਰਾਰ ਦਿੰਦਿਆਂ ਕਿਹਾ ਕਿ ਇਹ ਚੋਣਾਂ/ਵੋਟਾਂ ਵਿਚ ਹੇਰਾਫੇਰੀ ਨੂੰ ਤਰਕਸੰਗਤ ਠਹਿਰਾਉਣ ਦੀ ‘ਸੋਚੀ-ਸਮਝੀ ਕੋਸ਼ਿਸ਼’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੀਆ ਗੱਠਜੋੜ ਦੇ ਵਰਕਰਾਂ ਦਾ ਹੌਸਲਾ ਤੋੜਨ ਲਈ ਖੇਡੀ ਜਾ ਰਹੀ ‘ਮਨੋਵਿਗਿਆਨਕ ਖੇਡ’ ਦਾ ਹਿੱਸਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਗਜ਼ਿਟ ਪੋਲਜ਼ ਨੂੰ ‘ਮੋਦੀ ਮੀਡੀਆ ਪੋਲ’ ਕਰਾਰ ਦਿੱਤਾ ਹੈ।
ਇਥੇ ਏਆਈਸੀਸੀ ਹੈੱਡਕੁਆਰਟਰਜ਼ ’ਤੇ ਪਾਰਟੀ ਦੇ ਲੋਕ ਸਭਾ ਐੱਮਪੀਜ਼ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਧੀ ਨੇ ਕਿਹਾ, ‘‘ਇਹ ਕੋਈ ਐਗਜ਼ਿਟ ਪੋਲ ਨਹੀਂ ਹੈ ਬਲਕਿ ਇਸ ਦਾ ਨਾਮ ‘ਮੋਦੀ ਮੀਡੀਆ ਪੋਲ’ ਹੈ।’ ਇਹ ਮੋਦੀ ਜੀ ਦੀ ਪੋਲ ਹੈ, ਇਹ ਉਨ੍ਹਾਂ ਦੀ ਕਲਪਨਾ ਸ਼ਕਤੀ ਵਾਲੀ ਪੋਲ ਹੈ।’’ ਇੰਡੀਆ ਗੱਠਜੋੜ ਨੂੰ ਮਿਲਣ ਵਾਲੀਆਂ ਸੀਟਾਂ ਬਾਰੇ ਪੁੱਛਣ ’ਤੇ ਗਾਂਧੀ ਨੇ ਕਿਹਾ, ‘‘ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ ‘295’ ਸੁਣਿਆ ਹੈ? ਇਸ ਲਈ 295 ਸੀਟਾਂ।’’ ਵੋਟਾਂ ਦੀ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਲਈ ਕੀਤੀ ਬੈਠਕ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕੇ.ਸੀ.ਵੇਣੂਗੋਪਾਲ ਵੀ ਮੌਜੂਦ ਸਨ। ਵਰਚੁਅਲ ਬੈਠਕ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਸ਼ਾਮਲ ਸਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਨਵੀਂ ਸਰਕਾਰ’ ਦੇ 100 ਦਿਨਾਂ ਦੇ ਏਜੰਡੇ ਲਈ ਕੀਤੀਆਂ ਕਈ ਬੈਠਕਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਸਭ ‘ਦਬਾਅ ਪਾਉਣ ਦੀਆਂ ਜੁਗਤਾਂ’ ਤੇ ਅਫ਼ਸਰਸ਼ਾਹੀ ਤੇ ਪ੍ਰਸ਼ਾਸਨਿਕ ਢਾਂਚੇ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਉਹ (ਭਾਜਪਾ) ਮੁੜ ਸੱਤਾ ਵਿਚ ਆ ਰਹੇ ਹਨ। ਰਮੇਸ਼ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਹ ਸਭ ਦਿਮਾਗ ਦੀ ਖੇਡ ਹਨ….‘ਮੈਂ ਵਾਪਸ ਆ ਰਿਹਾ ਹਾਂ, ਮੈਂ ਮੁੜ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਾਂ।’ ਉਹ ਅਸਲ ਵਿਚ ਦੇਸ਼ ਦੀ ਅਫਸਰਸ਼ਾਹੀ ਤੇ ਪ੍ਰਸ਼ਾਸਨਿਕ ਢਾਂਚੇ ਨੂੰ ਇਸ਼ਾਰਾ ਕਰ ਰਹੇ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਸਰਕਾਰੀ ਕਰਮਚਾਰੀ, ਜਿਨ੍ਹਾਂ ਸਿਰ ਵੋਟਾਂ ਦੀ ਨਿਰਪੱਖ ਗਿਣਤੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ, ਦਬਾਅ ਪਾਉਣ ਵਾਲੀਆਂ ਅਜਿਹੀਆਂ ਜੁਗਤਾਂ ਤੋਂ ਨਾ ਦਬਕਣਗੇ ਤੇ ਨਾ ਡਰਨਗੇ।’’ ਰਮੇਸ਼ ਨੇ ਕਿਹਾ ਕਿ ਸ਼ਨਿੱਚਰਵਾਰ ਸ਼ਾਮ ਨੂੰ ਆਏ ਐਗਜ਼ਿਟ ਪੋਲ ‘ਪੂਰੀ ਤਰ੍ਹਾਂ ਬਣਾਉਟੀ’ ਹਨ ਤੇ ‘ਉਸ ਆਦਮੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ 4 ਜੂਨ ਨੂੰ ਸੱਤਾ ਤੋਂ ਬਾਹਰ ਹੋਣਾ ਅਟੱਲ ਹੈ।’’ ਕਾਂਗਰਸ ਆਗੂ ਨੇ ਦਾਅਵਾ ਕੀਤਾ, ‘‘ਇਹ ਸਭ ਸੱਤਾ ਤੋਂ ਬਾਹਰ ਹੋ ਰਹੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਤੇ ਗ੍ਰਹਿ ਮੰਤਰੀ (ਅਮਿਤ ਸ਼ਾਹ) ਵੱਲੋਂ ਖੇਡੀ ਜਾ ਰਹੀ ਮਨੋਵਿਗਿਆਨਕ ਖੇਡ ਦਾ ਹਿੱਸਾ ਹੈ। ਸੱਤਾ ਤੋਂ ਲਾਂਭੇ ਹੋ ਰਹੇ ਗ੍ਰਹਿ ਮੰਤਰੀ ਨੇ ਲੰਘੇ ਦਿਨ 150 ਜ਼ਿਲ੍ਹਾ ਮੈਜਿਸਟਰੇਟਾਂ ਤੇ ਕੁਲੈਕਟਰਾਂ ਨੂੰ ਸੱਦਿਆ ਸੀ। ਐਗਜ਼ਿਟ ਪੋਲ ਦੇ ਨਤੀਜਿਆਂ ਦਾ ਅਸਲੀਅਤ ਨਾਲ ਕੋਈ ਵਾਹ-ਵਾਸਤਾ ਨਹੀਂ ਹੈ।’’ ਚੇਤੇ ਰਹੇ ਕਿ ਸ਼ਨਿੱਚਰਵਾਰ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਮਗਰੋਂ ਆਏ ਐਗਜ਼ਿਟ ਪੋਲ (ਚੋਣ ਸਰਵੇਖਣਾਂ) ਵਿਚ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਤੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ ਬਹੁਮਤ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਰਮੇਸ਼ ਨੇ ਐਗਜ਼ਿਟ ਪੋਲ ਨੂੰ ਖਾਰਜ ਕਰਦਿਆਂ ਕਿਹਾ ਕਿ ਕੁਝ ਰਾਜਾਂ ਵਿਚ ਐੱਨਡੀਏ ਨੂੰ ਉਸ ਰਾਜ ਵਿਚ ਉਪਲਬਧ ਸੀਟਾਂ ਤੋਂ ਵੱਧ ਸੀਟਾਂ ਦਿੱਤੀਆਂ ਗਈਆਂ ਹਨ। ਕਾਂਗਰਸ ਆਗੂ ਨੇ ਕਿਹਾ, ‘‘ਇੰਡੀਆ ‘ਜਨਬੰਧਨ’ ਪਾਰਟੀਆਂ ਨੇ ਲੰਘੇ ਦਿਨ ਬੈਠਕ ਕੀਤੀ ਸੀ, ਅਸੀਂ ਜ਼ਿਲ੍ਹਾ ਵਾਰ ਸਮੀਖਿਆ ਕੀਤੀ ਤੇ ਇੰਡੀਆ ਜਨਬੰਧਨ ਨੂੰ 295 ਤੋਂ ਘੱਟ ਸੀਟਾਂ ਨਹੀਂ ਮਿਲ ਰਹੀਆਂ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ, ‘‘ਇਹ ਵੋਟਾਂ ਵਿਚ ਹੇਰਾਫੇਰੀ ਨੂੰ ਤਰਕਸੰਗਤ ਠਹਿਰਾਉਣ ਦੀ ਗਿਣੀ-ਮਿੱਥੀ ਕੋਸ਼ਿਸ਼ ਹੈ, ਇਹ ਈਵੀਐੱਮਜ਼ ਨਾਲ ਜੋੜ-ਤੋੜ ਦੀ ਕੋਸ਼ਿਸ਼ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਹੈ ਅਤੇ ਇਹ ਕਾਂਗਰਸੀ ਵਰਕਰਾਂ ਤੇ ਇੰਡੀਆ ਜਨਬੰਧਨ ਵਰਕਰਾਂ ਦਾ ਮਨੋਬਲ ਡੇਗਣ ਦੀ ਮਨੋਵਿਗਿਆਨਕ ਖੇਡ ਹੈ, ਅਸੀਂ ਨਾ ਡਰਨ ਵਾਲੇ ਤੇ ਨਾ ਹੀ ਦਬਕਣ ਵਾਲੇ ਹਾਂ। ਤੁਸੀਂ 4 ਜੂਨ ਨੂੰ ਦੇਖੋਗੇ ਕਿ ਐਗਜ਼ਿਟ ਪੋਲ ਨਾਲੋਂ ਨਤੀਜੇ ਬਿਲਕੁਲ ਵੱਖਰੇ ਹੋਣਗੇ।’’ ਰਮੇਸ਼ ਨੇ ਕਿਹਾ ਕਿ ਇਹ ਪੇਸ਼ੇਵਰ ਐਗਜ਼ਿਟ ਪੋਲ ਨਹੀਂ ਬਲਕਿ ਸਿਆਸੀ ਐਗਜ਼ਿਟ ਪੋਲ ਹਨ। ਰਮੇਸ਼ ਨੇ ਕਿਹਾ ਕਿ ਕਾਂਗਰਸ ਦੇ ਖਜ਼ਾਨਚੀ ਤੇ ਸੀਨੀਅਰ ਆਗੂ ਅਜੈ ਮਾਕਨ ਨੇ ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਦੀ ਟੇਬਲ ’ਤੇ ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ ਦਾ ਮੁੱਦਾ ਰੱਖਿਆ ਸੀ, ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣ ਨਿਗਰਾਨ ਕੋਲ ਅਜਿਹੇ ਹੋਰ ਕਈ ਮੁੱਦੇ ਰੱਖੇ ਸਨ ਪਰ ਚੋਣ ਕਮਿਸ਼ਨ ਨੇ ਕੋਈ ਇਤਬਾਰੀ ਕਾਰਵਾਈ ਨਹੀਂ ਕੀਤੀ।
ਵੋਟਾਂ ਦੀ ਗਿਣਤੀ ਮੌਕੇ ਸੁਚੇਤ ਰਹਿਣ ਉਮੀਦਵਾਰ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਵੀ ਹੇਰਾਫੇਰੀ ਦੀ ਕੋਸ਼ਿਸ਼ ਨੂੰ ਰੋਕਣ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਮੀਦਵਾਰਾਂ ਨਾਲ ਵੋਟਾਂ ਦੀ ਗਿਣਤੀ ਵਾਲੇ ਦਿਨ ਸਬੰਧੀ ਲੋੋੜੀਂਦੇ ਦਿਸ਼ਾ ਨਿਰਦੇਸ਼ ਵੀ ਸਾਂਝੇ ਕੀਤੇ ਹਨ। ਖੜਗੇ ਨੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਸਾਰੀਆਂ ਕਾਰਵਾਈਆਂ ਪੂਰੀਆਂ ਹੋਣ ਤੋਂ ਪਹਿਲਾਂ ਗਿਣਤੀ ਕੇਂਦਰਾਂ ਤੋਂ ਨਾ ਜਾਣ ਲਈ ਵੀ ਆਖਿਆ ਹੈ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਮਨੋਬਲ ਉੱਚਾ ਰੱਖਣ ਲਈ ਆਖਦਿਆਂ ਕਿਹਾ ਐਗਜ਼ਿਟ ਪੋਲਾਂ ਦਾ ਮਕਸਦ ਸਿਰਫ ਪਾਰਟੀ ਵਰਕਰਾਂ ਨੂੰ ਨਿਰਾਸ਼ ਕਰਨਾ ਹੈ।
ਅਖਿਲੇਸ਼ ਨੇ ਭਾਜਪਾ ਪੱਖੀ ਚੋਣ ਸਰਵੇਖਣਾਂ ’ਤੇ ਸਵਾਲ ਚੁੱਕੇ
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਚੋਣ ਸਰਵੇਖਣਾਂ (ਐਗਜ਼ਿਟ ਪੋਲਸ) ਦੀ ਹਕੀਕਤ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਪਹਿਲਾਂ ਤੋਂ ਹੀ ਆਖਦੀ ਆ ਰਹੀ ਸੀ ਕਿ ਭਾਜਪਾ ਪੱਖੀ ਮੀਡੀਆ ਹੁਕਮਰਾਨ ਧਿਰ ਨੂੰ ਲੋਕ ਸਭਾ ’ਚ 300 ਤੋਂ ਵਧ ਸੀਟਾਂ ਦੇਵੇਗਾ। ਉਨ੍ਹਾਂ ਕਿਹਾ ਕਿ ਚੋਣ ਸਰਵੇਖਣਾਂ, ਜੋ ਕਈ ਮਹੀਨੇ ਪਹਿਲਾਂ ਤਿਆਰ ਕਰ ਲਏ ਗਏ ਸਨ ਅਤੇ ਹੁਣ ਉਨ੍ਹਾਂ ਨੂੰ ਟੀਵੀ ਚੈਨਲਾਂ ’ਤੇ ਨਸ਼ਰ ਕੀਤਾ ਜਾ ਰਿਹਾ ਹੈ,