ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਡਾ. ਚੀਮਾ ਵਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਚੰਦਰਭਾਨ ‘ਚ ਚੋਣ ਮੀਟਿੰਗ
ਦੀਨਾਨਗਰ, 23 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਚੰਦਰਭਾਨ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਚੀਮਾ ਨੇ ਆਖਿਆ ਕਿ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਵਿਕਾਸ ਕਾਰਜ ਕਰਵਾਏ ਸਨ, ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਕੋਈ ਕਾਰਜ ਨਹੀੰ ਕੀਤਾ। ਡਾ. ਚੀਮਾ ਨੇ ਆਖਿਆ ਕਿ ਸੂਬੇ ਵਿਚ ਅਕਾਲੀ ਸਰਕਾਰ ਵੇਲੇ ਸੜਕਾਂ, ਪੁਲਾਂ ਅਤੇ ਬੁਨਿਆਦੀ ਢਾਂਚੇ ਦਾ ਜੋ ਵਿਕਾਸ ਹੋਇਆ, ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਕੱਖ ਭੰਨ ਕੇ ਵੀ ਦੋਹਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜ ਸਾਲ ਪੰਜਾਬ ਵਿਚ ਕਾਂਗਰਸ ਸਰਕਾਰ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਬਣੀ ਨੂੰ ਦੋ ਸਾਲ ਤੋਂ ਉੱਪਰ ਹੋ ਚੱਲੇ ਹਨ ਪਰ ਕਿਸੇ ਵੀ ਸਰਕਾਰ ਨੇ ਭੋਆ ਹਲਕੇ ਦੇ ਪੱਛੜੇ ਪਿੰਡਾਂ ਦੇ ਲੋਕਾਂ ਦੀ ਸਾਰ ਨਹੀਂ ਲਈ। ਡਾ. ਚੀਮਾ ਨੇ ਕਿਹਾ ਕਿ ਇਸ ਹਲਕੇ ਦੇ ਲੋਕਾਂ ਦੀ ਇਹ ਵੀ ਬਦਕਿਸਮਤੀ ਰਹੀ ਹੈ ਕਿ ਇੱਥੋਂ ਜਿੱਤਣ ਵਾਲੇ ਲੋਕ ਸਭਾ ਮੈਂਬਰ ਪੰਜ ਸਾਲ ਮੁੜ ਹਲਕੇ ਵਿਚ ਨਹੀਂ ਵੜੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਗੁਰਦਾਸਪੁਰ ਹਲਕੇ ਵਿਚ ਚੰਗੀਆਂ ਸਿਹਤ, ਸਿੱਖਿਆ ਅਤੇ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੀ ਤਰਜ਼ ‘ਤੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਕੇਂਦਰੀ ਉਦਯੋਗਿਕ ਪੈਕੇਜ ਲੈ ਕੇ ਆਉਣਗੇ। ਇਸ ਮੌਕੇ ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਸੰਬੋਧਨ ਕਰਦਿਆਂ ਡਾ. ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਚੀਮਾ ਇਸੇ ਹਲਕੇ ਦੇ ਜੰਮਪਲ ਹੋਣ ਕਾਰਨ ਗੁਰਦਾਸਪੁਰ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਖੜਣਗੇ। ਇਸ ਮੌਕੇ ਹੋਰਨਾਂ ਤੋੰ ਇਲਾਵਾ ਬਿਕਰਮਜੀਤ ਸਿੰਘ, ਤਰਸੇਮ ਚੰਦਰਭਾਨ, ਹਰਭਜਨ ਸਿੰਘ ਨੰਬਰਦਾਰ, ਬਿਕਰਮਜੀਤ ਸਿੰਘ, ਅਵਤਾਰ ਸਿੰਘ, ਨਵਜੋਤ ਸਿੰਘ ਚੰਦਰਭਾਨ, ਹਰਮੇਸ਼ ਰਾਜ ਸਾਬਕਾ ਸਰਪੰਚ, ਜਰਨੈਲ ਸਿੰਘ। ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮੱਖਣ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਰਸੂਲਪੁਰ, ਜਾਗੀਰ ਸਿੰਘ ਰਸੂਲਪੁਰ ਬੇਟ, ਕੁਲਦੀਪ ਸਿੰਘ ਖਾਲਸਾ, ਅਜੈਬ ਸਿੰਘ ਸਰਕਲ ਪ੍ਰਧਾਨ ਕਲੀਚਪੁਰ, ਯੁਵਰਾਜ ਸਿੰਘ ਬੀ.ਸੀ. ਵਿੰਗ ਪ੍ਰਧਾਨ, ਲਵਜਿੰਦਰ ਸਿੰਘ ਯੂਥ ਪ੍ਰਧਾਨ, ਬਲਵਿੰਦਰ ਸਿੰਘ ਤੁੰਗ ਸਲਾਹਕਾਰ ਅਤੇ ਕੁਲਦੀਪ ਸਿੰਘ ਖਾਲਸਾ ਜਨਰਲ ਸਕੱਤਰ ਪੰਜਾਬ ਆਦਿ ਵੀ ਹਾਜ਼ਰ ਸਨ।