ਪੰਜਾਬ ’ਚ ਮੀਂਹ ਤੇ ਗੜਿਆਂ ਕਾਰਨ ਹਜ਼ਾਰਾਂ ਏਕੜ ਕਣਕ ਖਰਾਬ

ਚੰਡੀਗੜ੍ਹ, 20 ਅਪ੍ਰੈਲ

ਪੰਜਾਬ ਵਿੱਚ ਲੰਘੇ ਦਿਨ ਪਏ ਤੇਜ਼ ਮੀਂਹ ਤੇ ਗੜਿਆਂ ਕਾਰਨ ਸੂਬੇ ਵਿੱਚ ਕਣਕ ਦੀ ਪੱਕੀ ਹੋਈ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਗਈ ਜਿਸ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨ ਮੀਂਹ ਤੇ ਗੜਿਆਂ ਕਾਰਨ ਸਭ ਤੋਂ ਵੱਧ ਨੁਕਸਾਨ ਮੋਗਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਹੋਇਆ ਹੈ, ਜਿੱਥੇ ਕਰੀਬ 5 ਹਜ਼ਾਰ ਏਕੜ ਫਸਲ ਪ੍ਰਭਾਵਿਤ ਹੋਈ ਹੈ। ਜਦਕਿ ਕਰੀਬ ਇਕ ਦਰਜਨ ਹੋਰ ਜ਼ਿਲ੍ਹਿਆਂ ਵਿੱਚ ਮਾਮੂਲੀ ਨੁਕਸਾਨ ਦੀ ਰਿਪੋਰਟਾਂ ਹਨ। ਮੀਂਹ ਤੇ ਗੜਿਆਂ ਕਾਰਨ ਕਣਕ ਦੀ ਵਾਢੀ ’ਤੇ ਵੀ ਅਸਰ ਪਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 21, 22 ਤੇ 23 ਅਪਰੈਲ ਨੂੰ ਪੱਛਮੀ ਵਿਗਾੜ ਸਰਗਰਮ ਹੋ ਰਿਹਾ ਹੈ ਜਿਸ ਕਰ ਕੇ ਸੂਬੇ ਵਿੱਚ ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਢਲੇ ਪੜਾਅ ਵਿੱਚ ਮੋਗਾ ਤੇ ਫਤਹਿਗੜ੍ਹ ਸਾਹਿਬ ਵਿੱਚ ਹੀ 5 ਹਜ਼ਾਰ ਏਕੜ ਦੇ ਕਰੀਬ ਕਣਕ ਦੀ ਫਸਲ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ। ਜਦੋਂ ਕਿ ਵਿਭਾਗ ਵੱਲੋਂ ਸੂਬੇ ਭਰ ਵਿੱਚ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਖੇਤੀਬਾੜੀ ਵਿਭਾਗ ਨੇ ਬੇਮੌਸਮੇ ਮੀਂਹ ਤੇ ਗੜੇਮਾਰੀ ਕਰ ਕੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਵੀ ਜਤਾਇਆ ਹੈ। ਦੂਜੇ ਪਾਸੇ ਖਰਾਬ ਮੌਸਮ ਦੇ ਚੱਲਦਿਆਂ ਸ੍ਰੀ ਮੁਕਤਸਰ ਸਾਹਿਬ ਵਿੱਚ ਅਸਮਾਨੀ ਬਿਜਲੀ ਡਿੱਗਣ ਕਰ ਕੇ ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ ਹੈ ਜਿਸ ਕਾਰਨ ਲਗਪਗ ਡੇਢ ਤੋਂ ਦੋ ਏਕੜ ਕਣਕ ਦੀ ਫ਼ਸਲ ਸੜੀ ਹੈ। ਵਿਗੜੇ ਮੌਸਮ ਕਾਰਨ ਜਿੱਥੇ ਵਾਢੀ ਦਾ ਕੰਮ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਘੱਟ ਗਈ ਹੈ। ਉਧਰ ਖਰੀਦ ਕੇਂਦਰ ’ਤੇ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਭਿੱਜੀ ਹੋਈ ਫ਼ਸਲ ਨੂੰ ਸੁਕਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਲੰਘੇ ਦਿਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਮਾਨਸਾ, ਲੁਧਿਆਣਾ, ਮੋਗਾ, ਸੰਗਰੂਰ ਤੇ ਪਟਿਆਲਾ ਵਿੱਚ ਮੀਂਹ ਤੇ ਗੜਿਆਂ ਕਾਰਨ ਖੇਤਾਂ ਤੇ ਮੰਡੀਆਂ ’ਚ ਕਣਕ ਦਾ ਨੁਕਸਾਨ ਹੋਇਆ ਸੀ।ਫ਼ੀਲਡ ’ਚੋਂ ਰਿਪੋਰਟ ਇਕੱਠੀ ਕੀਤੀ ਜਾ ਰਹੀ ਹੈ: ਡਾਇਰੈਕਟਰਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮੀਂਹ ਤੇ ਗੜ੍ਹਿਆਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਪਿੰਡ ਪੱਧਰ ਤੱਕ ਮੁਲਾਜ਼ਮਾਂ ਨੂੰ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਵੱਲੋਂ ਆਪੋ-ਆਪਣੇ ਇਲਾਕਿਆਂ ਵਿੱਚ ਦੌਰਾ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੇ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਮੰਗਿਆ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਸਰਕਾਰ ਤੋਂ ਕੁਦਰਤੀ ਆਫਤਾਂ ਨਾਲ ਕਣਕ, ਸਰ੍ਹੋਂ, ਸਬਜ਼ੀਆਂ, ਫਲਾਂ ਦੇ ਹੋਏ ਨੁਕਸਾਨ ਤੇ ਬਿਜਲੀ ਅਧਿਕਾਰੀਆਂ ਦੀਆਂ ਕਥਿਤ ਗਲਤੀਆਂ ਕਾਰਨ ਸੜ ਕੇ ਸੁਆਹ ਹੋਈ ਕਣਕ ਦੀ ਫਸਲ ਦਾ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਸਬੰਧੀ ਸਿਰਫ ਐਲਾਨ ਹੀ ਕਰਦੇ ਹਨ, ਜਦੋਂ ਕਿ ਕਿਸਾਨਾਂ ਨੂੰ ਧੇਲਾ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਲੰਘੇ ਦਿਨ ਪਏ ਗੜਿਆਂ ਕਾਰਨ ਤਰਨ ਤਾਰਨ, ਫਿਰੋਜ਼ਪੁਰ ਤੇ ਮੋਗਾ ’ਚ ਸੈਂਕੜੇ ਏਕੜ ਪੱਕੀ ਫਸਲ ਦਾ ਨੁਕਸਾਨ ਹੋ ਗਿਆ ਹੈ।

Leave a Comment

[democracy id="1"]

You May Like This