ਅੰਮ੍ਰਿਤਸਰ, 16 ਅਪ੍ਰੈਲ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਤਿਆਰੀ ਲਈ ਭਾਰਤੀ ਫੌਜ ਦੇ ਜਵਾਨਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਦਾ ਲਗਪਗ 50 ਮੈਂਬਰੀ ਦਲ ਬਰਫ ਕੱਟ ਕੇ ਰਸਤੇ ਤਿਆਰ ਕਰਨ ਅਤੇ ਹੋਰ ਪ੍ਰਬੰਧ ਕਰਨ ਲਈ 22 ਅਪਰੈਲ ਨੂੰ ਰਵਾਨਾ ਹੋਵੇਗਾ। ਜੋ 20 ਮਈ ਤੱਕ ਸਮੁੱਚੇ ਰਸਤੇ ਤਿਆਰ ਕਰੇਗਾ ਅਤੇ ਹੋਰ ਪ੍ਰਬੰਧ ਕਰੇਗਾ ਤਾਂ ਜੋ 25 ਮਈ ਤੋਂ ਸਾਲਾਨਾ ਯਾਤਰਾ ਆਰੰਭ ਕੀਤੀ ਜਾ ਸਕੇ। ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਵੇਲੇ 12 ਤੋਂ 15 ਫੁੱਟ ਤੱਕ ਬਰਫ ਹੈ ਅਤੇ ਸਮੁੱਚਾ ਖੇਤਰ ਬਰਫ ਨਾਲ ਢਕਿਆ ਹੋਇਆ ਹੈ। ਗੁਰਦੁਆਰੇ ਦੀ ਪਹਿਲੀ ਮੰਜ਼ਿਲ ਤਾਂ ਪੂਰੀ ਤਰ੍ਹਾਂ ਬਰਫ ਵਿੱਚ ਹੈ ਅਤੇ ਸਰੋਵਰ ਵੀ ਬਰਫ ਨਾਲ ਢਕਿਆ ਹੋਇਆ ਹੈ। ਇੰਨੀ ਉਚਾਈ ਵਾਲੇ ਖੇਤਰ ਵਿਚ ਅੱਜ ਕੱਲ੍ਹ ਵੀ ਬਰਫ ਪੈ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਇਹ ਸਾਲਾਨਾ ਯਾਤਰਾ ਇਸ ਵਾਰ 25 ਮਈ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕੇ ਟਰੱਸਟ ਦੇ ਦੋ ਸੇਵਾਦਾਰ ਬੀਤੇ ਦਿਨ ਗੁਰਦੁਆਰਾ ਗੋਬਿੰਦ ਧਾਮ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋ ਕੇ ਆਏ ਹਨ।
ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਭਾਰਤੀ ਫੌਜ ਦੇ ਜਵਾਨ ਬਰਫ ਕੱਟ ਕੇ ਸੰਗਤ ਲਈ ਰਸਤਾ ਤਿਆਰ ਕਰਨ ਲਈ 20 ਅਪਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਪੁੱਜ ਜਾਣਗੇ।