ਚੰਡੀਗੜ੍ਹ, 16 ਅਪ੍ਰੈਲ
ਜਦੋਂ ਵੀ ਪੰਜਾਬ ਸਿਰ ਕੋਈ ਆਫ਼ਤ ਚੜ੍ਹ ਕੇ ਆਈ ਤਾਂ ਕਿਹਾ ਗਿਆ ‘ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਆਜ਼ਾਦੀ ਮਗਰੋਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਤਾਂ ਪੰਜਾਬ ਵਿੱਚੋਂ ਚੁਣੇ ਸੰਸਦ ਮੈਂਬਰਾਂ ਦੀ ਪੜ੍ਹਾਈ ਲਿਖਾਈ ਦੇਖ ਆਪ ਮੁਹਾਰੇ ਮੂੰਹੋਂ ਨਿਕਲਿਆ, ‘ਲਾਹੌਰ ਦੇ ਪੜ੍ਹਿਆਂ ਨੂੰ ਹੱਥੀਂ ਛਾਵਾਂ’। ਲੋਕ ਸਭਾ ਦੀ ਪਹਿਲੀ ਚੋਣ ਤੋਂ ਚੌਥੀ-ਪੰਜਵੀਂ ਚੋਣ ਤੱਕ ਪੰਜਾਬ ਵਿੱਚੋਂ ਚੁਣੇ ਗਏ ਕਾਫ਼ੀ ਸੰਸਦ ਮੈਂਬਰ ਉਹ ਸਨ ਜਿਨ੍ਹਾਂ ਦੀ ਪੜ੍ਹਾਈ ਲਾਹੌਰ ਦੀ ਸੀ। ਮੌਜੂਦਾ ਦੌਰ ਦੇ ਉਮੀਦਵਾਰਾਂ ’ਚ ਉਹ ਲਿਆਕਤ ਤੇ ਗੁਣ ਗ਼ਾਇਬ ਹਨ ਜੋ ਸੰਸਦੀ ਚੋਣਾਂ ’ਚ ਜੇਤੂ ਮੋੜ੍ਹੀ ਗੱਡਣ ਵਾਲਿਆਂ ਵਿੱਚ ਸਨ। ਪੰਜਾਬ ਵਿੱਚ 1952 ਦੀ ਲੋਕ ਸਭਾ ਚੋਣ ਤੋਂ ਲੈ ਕੇ ਹੁਣ ਤੱਕ 148 ਸੰਸਦ ਮੈਂਬਰ ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਇੱਕ ਤੋਂ ਵੱਧ ਵਾਰ ਸੰਸਦ ’ਚ ਜਾਣ ਦਾ ਮੌਕਾ ਮਿਲਿਆ। ਇਨ੍ਹਾਂ ਵਿੱਚੋਂ ਸਿਰਫ਼ 11 ਔਰਤਾਂ ਹਨ ਜਿਨ੍ਹਾਂ ਨੂੰ ਇੱਕ ਜਾਂ ਇਸ ਤੋਂ ਵੱਧ ਵਾਰ ਜਿੱਤ ਨਸੀਬ ਹੋਈ ਅਤੇ ਰਾਖਵੇਂ ਵਰਗ ਦੇ ਡੇਢ ਦਰਜਨ ਸੰਸਦ ਮੈਂਬਰ ਚੁਣੇ ਗਏ। ਪਟਿਆਲਾ ਹਲਕੇ ਤੋਂ ਕਾਂਗਰਸ ਦੇ ਹੁਕਮ ਸਿੰਘ ਪਹਿਲੀ ਲੋਕ ਸਭਾ ਤੋਂ ਲੈ ਕੇ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਰਹੇ। ਉਨ੍ਹਾਂ ਨੇ ਸਕੂਲੀ ਵਿੱਦਿਆ ਮਿੰਟਗੁਮਰੀ ਹਾਈ ਸਕੂਲ ਤੋਂ ਲਈ ਸੀ ਜਦੋਂਕਿ ਵਕਾਲਤ ਦੀ ਪੜ੍ਹਾਈ ਲਾਹੌਰ ਦੇ ਲਾਅ ਕਾਲਜ ਤੋਂ ਕੀਤੀ। ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਗੁਰਮੁੱਖ ਸਿੰਘ ਮੁਸਾਫ਼ਰ ਵੀ ਰਾਵਲਪਿੰਡੀ ਤੋਂ ਪੜ੍ਹੇ ਹੋਏ ਸਨ। ਪੈਪਸੂ ’ਚ ਮੁੱਖ ਮੰਤਰੀ ਰਹੇ ਗਿਆਨ ਸਿੰਘ ਰਾੜੇਵਾਲਾ ਦੀ ਧੀ ਨਿਰਲੇਪ ਕੌਰ ਸੰਗਰੂਰ ਹਲਕੇ ਤੋਂ ਚੌਥੀ ਲੋਕ ਸਭਾ ਲਈ ਚੁਣੀ ਗਈ ਸੀ। ਉਸ ਨੇ ਸਕੂਲੀ ਵਿੱਦਿਆ ਲਾਹੌਰ ਤੋਂ ਹਾਸਲ ਕੀਤੀ ਸੀ। ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਫ਼ਰੀਦਕੋਟ ਤੋਂ ਲੋਕ ਸਭਾ ਦੀ ਮੈਂਬਰ ਬਣੀ।
ਬੀਬੀ ਬਰਾੜ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਪੜ੍ਹਾਈ ਕੀਤੀ ਸੀ ਅਤੇ ਉਹ 1972-77 ਵਿੱਚ ਵਿਧਾਇਕਾ ਵੀ ਰਹੇ ਸਨ। ਸਰਦਾਰ ਕਪੂਰ ਸਿੰਘ ਸਰਕਾਰੀ ਕਾਲਜ ਲਾਹੌਰ ਤੋਂ ਪੜ੍ਹੇ ਅਤੇ ਉਨ੍ਹਾਂ ਕੈਂਬਰਿਜ ਤੋਂ ਵੀ ਪੜ੍ਹਾਈ ਕੀਤੀ। ਸਵਤੰਤਰ ਪਾਰਟੀ ਵੱਲੋਂ ਉਹ ਲੁਧਿਆਣਾ ਹਲਕੇ ਤੋਂ ਤੀਜੀ ਲੋਕ ਸਭਾ ਲਈ ਚੁਣੇ ਗਏ ਸਨ। ਸਾਂਝੇ ਪੰਜਾਬ ਸਮੇਂ ਕੈਥਲ ਤੋਂ ਦੂਜੀ ਲੋਕ ਸਭਾ ਦੇ ਮੈਂਬਰ ਬਣੇ ਮੂਲ ਚੰਦ ਜੈਨ ਵੀ ਲਾਹੌਰ ਦੇ ਲਾਅ ਕਾਲਜ ਤੋਂ ਪੜ੍ਹੇ ਸਨ। ਰੋਹਤਕ ਤੋਂ ਜਨ ਸੰਘ ਦੀ ਟਿਕਟ ’ਤੇ ਤੀਜੀ ਲੋਕ ਸਭਾ ਦੇ ਮੈਂਬਰ ਬਣੇ ਲਹਿਰੀ ਸਿੰਘ ਨੇ ਵੀ ਲਾਹੌਰ ਦੇ ਲਾਅ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਸੀ। ਦੇਸ਼ ਦੀ ਵੰਡ ਮਗਰੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਲਾਹੌਰ ਦੇ ਪੜ੍ਹੇ ਹੋਏ ਸਨ ਜਿਹੜੇ 1977 ਵਿੱਚ ਫ਼ਰੀਦਕੋਟ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। 1952 ਤੋਂ ਤਿੰਨ ਵਾਰ ਸੰਸਦ ਮੈਂਬਰ ਬਣੇ ਸੁਰਜੀਤ ਸਿੰਘ ਮਜੀਠੀਆ ਨੇ ਲਾਹੌਰ ਤੇ ਸਰਕਾਰੀ ਕਾਲਜ ਤੇ ਲਾਅ ਕਾਲਜ ਤੋਂ ਪੜ੍ਹਾਈ ਕੀਤੀ ਸੀ। ਉਨ੍ਹਾਂ ਤਰਨ ਤਾਰਨ ਤੋਂ ਚੋਣਾਂ ਜਿੱਤੀਆਂ। ਲੁਧਿਆਣਾ ਹਲਕੇ ਤੋਂ ਕਾਂਗਰਸੀ ਟਿਕਟ ’ਤੇ ਦੂਜੀ ਲੋਕ ਸਭਾ ਲਈ ਚੁਣੇ ਗਏ ਅਜੀਤ ਸਿੰਘ ਸਰਹੱਦੀ ਨੇ ਸਕੂਲੀ ਪੜ੍ਹਾਈ ਡੀਏਵੀ ਸਕੂਲ ਰਾਵਲਪਿੰਡੀ ਤੋਂ ਕੀਤੀ ਅਤੇ ਵਕਾਲਤ ਯੂਨੀ.ਲਾਅ ਕਾਲਜ ਲਾਹੌਰ ਤੋਂ ਕੀਤੀ। ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਵੀ ਸਿੱਖ ਨੈਸ਼ਨਲ ਕਾਲਜ ਲਾਹੌਰ ਦੀ ਪੈਦਾਇਸ਼ ਸਨ।
ਡਰਾਈਵਰ ਕਿੱਕਰ ਸਿੰਘ ਵੀ ਬਣੇ ਸੰਸਦ ਮੈਂਬਰ
ਦੂਸਰੇ ਬੰਨ੍ਹੇ ਇੱਕ ਰੰਗ ਇਹ ਵੀ ਹੈ ਕਿ ਸਾਲ 1967 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬੀ ਸੂਬੇ ਦੇ ਬਾਨੀ ਸੰਤ ਫ਼ਤਿਹ ਸਿੰਘ ਦੇ ਡਰਾਈਵਰ ਕਿੱਕਰ ਸਿੰਘ ਵੀ ਸੰਸਦ ਮੈਂਬਰ ਬਣ ਗਏ ਸਨ। ਕਿੱਕਰ ਸਿੰਘ ਨੇ ਅਕਾਲੀ ਦਲ (ਸੰਤ) ਵੱਲੋਂ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਹ ਜਿੱਤ ਗਏ ਸਨ। ਕਿੱਕਰ ਸਿੰਘ ਕੀਰਤਨ ਵੀ ਕਰਦੇ ਸਨ ਅਤੇ ਸੰਤ ਫ਼ਤਿਹ ਸਿੰਘ ਨੇ ਉਦੋਂ ਆਪਣੇ ਡਰਾਈਵਰ ਨੂੰ ਟਿਕਟ ਦੇ ਦਿੱਤੀ ਸੀ। ਕਿੱਕਰ ਸਿੰਘ ਨੇ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ ਤੇ ਜਰਮਨੀ ਦਾ ਦੌਰਾ ਵੀ ਕੀਤਾ। ਉਨ੍ਹਾਂ ਦਾ ਉਦੋਂ ਪਾਰਲੀਮੈਂਟ ਦੇ ਰਿਕਾਰਡ ਵਿੱਚ ਪਤਾ ਗੁਰਦੁਆਰਾ ਹਾਜੀ ਰਤਨ ਬਠਿੰਡਾ ਦਾ ਸੀ।