ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਜਗਰੂਪ ਸਿੰਘ ਲਹਿਰਾ ਮੁਹੱਬਤ ਅਤੇ ਗੁਰਵਿੰਦਰ ਸਿੰਘ ਪੰਨੂ,ਜਗਸੀਰ ਸਿੰਘ ਅਤੇ ਕਰਮਜੀਤ ਸਿੰਘ ਦਿਓਣ ਵਲੋਂ ਇਕ ਸਾਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਪਿਛਲੇ ਕਈ ਦਿਨਾਂ ਤੋਂ ਥਾਣਾ ਸਾਹਨੇਵਾਲ ਦੇ ਇੰਚਾਰਜ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੂੰ ਟੈਲੀਫੋਨ ਅਤੇ ਹੋਰ ਸੁਨੇਹੇ ਭੇਜ ਕੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸਨੂੰ ਕਿਹਾ ਜਾ ਰਿਹਾ ਹੈ ਕਿ ਉਹ ਪੁਲਿਸ ਸਟੇਸ਼ਨ ਆਕੇ ਮਿਲੇ ਕਿਉਂਕਿ ਸਰਕਾਰ ਨੇ ਠੇਕਾ ਮੁਲਾਜ਼ਮ ਮੋਰਚੇ ਦੇ ਆਗੂਆਂ ਨੂੰ 7/51 ਦੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਚੋਣਾਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਹੈ। ਆਗੂਆਂ ਵਲੋਂ ਕਿਹਾ ਗਿਆ ਕਿ ਮੰਗਾਂ ਦਾ ਗਲਬਾਤ ਰਾਹੀਂ ਨਿਪਟਾਰਾ ਕਰਨ ਦੀ ਨੀਤੀ ਤਹਿਤ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਯਤਨ ਸ਼ੀਲ ਰਿਹਾ ਹੈ, ਪਰ ਇਸ ਅਰਸੇ ਵਿੱਚ ਸਰਕਾਰ ਵੱਲੋਂ ਸਭ ਅਸੂਲਾਂ ਅਤੇ ਕਾਨੂੰਨਾ ਨੂੰ ਪੈਰਾਂ ਹੇਠ ਲਿਤਾੜ ਕੇ,ਵੀਹ ਵਾਰ ਲਿਖਤੀ ਮੀਟਿੰਗ ਦਾ ਸਮਾਂ ਦੇਕੇ ਐਨ ਮੌਕੇ ਤੇ ਜਾ ਕੇ ਗਲਬਾਤ ਤੋਂ ਲਗਾਤਾਰ ਟਾਲਾ ਕੀਤਾ ਗਿਆ। ਇਸ ਹਾਲਤ ਵਿੱਚ ਜਦੋਂ ਦੋ ਸਾਲਾਂ ਦੇ ਅਰਸੇ ਦੋਰਾਨ ਮੁੱਖ ਮੰਤਰੀ ਸਾਹਿਬ ਵਲੋਂ ਸਾਡੀ ਸਮਸਿਆ ਨੂੰ ਸੁਣਨ ਦਾ ਰਾਹ ਵੀ ਬੰਦ ਕਰ ਰਖਿਆ ਇਸ ਹਾਲਤ ਵਿੱਚ ਤਿੱਖੇ ਸ਼ੋਸ਼ਣ ਦਾ ਸ਼ਿਕਾਰ ਕਾਮਿਆਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਹੀ ਬਾਕੀ ਨਹੀਂ ਸੀ।ਇਹ ਕਾਮਿਆਂ ਦਾ ਕੋਈ ਸ਼ੌਕ ਨਹੀਂ ਹੈ ਸਗੋਂ ਮਜਬੂਰੀ ਹੈ ਜ਼ੋ ਪੰਜਾਬ ਸਰਕਾਰ ਵੱਲੋਂ ਖੁਦ ਪੈਦਾ ਕੀਤੀ ਗਈ। ਇਉਂ ਚਾਹੀਦਾ ਤਾਂ ਇਹ ਸੀ ਕਿ ਉਹ ਸਰਕਾਰ ਜਿਹੜੀ ਆਪਣੇ ਮੁਲਾਜ਼ਮਾਂ ਦੀ ਦੋ ਸਾਲਾਂ ਦੇ ਅਰਸੇ ਵਿੱਚ ਸਮਾਂ ਨਹੀਂ ਦੇ ਸਕੀ ਵਾਰ ਵਾਰ ਮੀਟਿੰਗ ਲਈ ਚੰਡੀਗੜ੍ਹ ਸੱਦ ਕੇ ਸਾਨੂੰ ਆਰਥਿਕ ਤੌਰ ਤੇ ਵੀ ਪ੍ਰੇਸ਼ਾਨ ਕਰਦੀ ਰਹੀ। ਇਨਸਾਫ਼ ਦੀ ਪੱਧਰ ਤੇ ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਸਰਕਾਰ ਦੀਆਂ ਇਨ੍ਹਾਂ ਦੰਭੀ ਚਾਲਾਂ ਨੂੰ ਰੋਕ ਕੇ ਕਾਮਿਆਂ ਨੂੰ ਇਨਸਾਫ ਦਿਵਾਉਣ ਦਾ ਯਤਨ ਕਰਦੀ।ਪਰ ਅਜਿਹਾ ਕਰਨ ਦੀ ਪ੍ਰਸ਼ਾਸਨ ਉਲ਼ਟਾ ਕਾਮਿਆਂ ਵਿਰੁੱਧ ਝੂਠੇ ਕੇਸ ਬਣਾ ਕੇ ਉਨ੍ਹਾਂ ਨੂੰ ਹੀ ਜੇਹਲਾਂ ਵਿੱਚ ਬੰਦ ਕਰਨ ਦੀਆਂ ਧਮਕੀਆਂ ਦੇਕੇ ਉਨ੍ਹਾਂ ਦੇ ਹੱਕੀ ਅਤੇ ਮਜਬੂਰੀ ਵੱਸ ਕੀਤੇ ਸੰਘਰਸ਼ ਨੂੰ ਕੁਚਲਣ ਦਾ ਰਾਹ ਅਖਤਿਆਰ ਕਰ ਰਿਹਾ ਹੈ।ਇਹ ਹਿਟਲਰ ਸ਼ਾਹੀ ਨਹੀਂ ਤਾਂ ਹੋਰ ਕੀ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸਰਕਾਰ ਦੇ ਇਨ੍ਹਾਂ ਹਿਟਲਰ ਸ਼ਾਹੀ ਕਦਮਾਂ ਦੀ ਜੋਰਦਾਰ ਨਿਖੇਧੀ ਕਰਦਾ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਜਬਰ ਦੇ ਜ਼ੋਰ ਸੰਘਰਸ਼ ਨੂੰ ਕੁਚਲਣ ਦਾ ਰਾਹ ਛਡਕੇ ਮੰਗਾਂ ਪ੍ਰਵਾਨ ਕਰੇ ਜਾਂ ਫਿਰ ਕਾਮਾ ਸੰਘਰਸ਼ ਦਾ ਸੇਕ ਝਲਣ ਲਈ ਤਿਆਰ ਰਹੇ। ਕਿਉਂਕਿ ਜਦੋਂ ਸਰਕਾਰ ਪੁਰ ਅਮਨ ਗਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਕਰਨ ਤੋਂ ਇਨਕਾਰੀ ਹੋਵੇ ਉਸ ਸਮੇਂ ਸੰਘਰਸ਼ ਕਰਨਾ ਕਾਮਿਆਂ ਦਾ ਕਾਨੂੰਨੀ ਅਧਿਕਾਰ ਹੈ ਉਹ ਇਸ ਲਈ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਬੇਪਰਵਾਹ ਹੋ ਕੇ ਇਸ ਸੰਘਰਸ਼ ਨੂੰ ਹਰ ਕੀਮਤ ਦੇਕੇ ਜਾਰੀ ਰਖਣਗੇ।
ਆਗੂਆਂ ਨੇ ਕਿਹਾ ਕਿ ਸਮੁਚੇ ਪੰਜਾਬ ਦੇ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਜੋਰਦਾਰ ਅਪੀਲ ਵਿਚ ਕਿਹਾ ਗਿਆ ਕਿ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਬੇਪਰਵਾਹ ਹੋ ਕੇ ਸੰਘਰਸ਼ ਦੀਆਂ ਜੋਰਦਾਰ ਤਿਆਰੀਆਂ ਵਿੱਚ ਜੁਟ ਜਾਉ। ਸਰਕਾਰ ਸਮੇਤ ਵੰਨ ਸੁਵੰਨੀਆਂ ਵੋਟ ਪਾਰਟੀਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣ ਤੇ ਪਿਛਲੇ ਅਰਸੇ ਵਿਚ ਕੀਤੇ ਵਾਅਦਿਆਂ ਦਾ ਜਬਾਵ ਮੰਗੋ, ਅਸਰਦਾਰ ਵਿਰੋਧ ਪ੍ਰਦਰਸ਼ਨ ਲਈ ਹਰ ਸਮੇਂ ਤਿਆਰ ਰਹੋ।ਹਰ ਕਿਸਮ ਦੀ ਸਰਕਾਰੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਝੰਡੇ ਨੂੰ ਹੋਰ ਉੱਚਾ ਕਰੋ!
ਜਾਰੀ ਕਰਤਾ :- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਬਠਿੰਡਾ
ਗੁਰਵਿੰਦਰ ਸਿੰਘ ਪੰਨੂ :- 7986994375
