ਲਾਚੌਰ, 16 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੀਏਯੂ ਦਾ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਪੀਏਯੂ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਇਹ ਪੀਏਯੂ ਦਾ ਪਹਿਲਾ ਕਾਲਜ ਹੈ ਜੋ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਤ ਕੀਤਾ ਗਿਆ ਹੈ। ਇਸ ਕਾਲਜ ਦੇ ਖੁੱਲ੍ਹਣ ਨਾਲ ਜਿੱਥੇ ਇੱਕ ਪਾਸੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਮਿਲੇਗਾ ਉੱਥੇ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿੱਚ ਵਿਦਿਆਰਥੀ ਬੀਐੱਸਸੀ ਐਗਰੀਕਲਚਰ ਦੇ ਚਾਰ ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲੈ ਸਕਣਗੇ। ਸੂਬਾ ਸਰਕਾਰ ਨੇ ਕਾਲਜ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਵਿੱਚੋਂ 35 ਕਰੋੜ ਰੁਪਏ ਕੈਂਪਸ ’ਚ ਇਮਾਰਤਾਂ ਦੀ ਉਸਾਰੀ ਅਤੇ ਬਾਕੀ ਦੀ ਰਾਸ਼ੀ ਆਉਣ ਵਾਲੇ ਪੰਜ ਸਾਲਾਂ ਲਈ ਤਨਖਾਹਾਂ ਦੇਣ ਵਾਸਤੇ ਵਰਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ,’ਵਰਸਿਟੀ ਦੇ ਉੱਪ ਕੁਲਪਤੀ ਸਤਿਬੀਰ ਸਿੰਘ ਗੋਸਲ, ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਅਤੇ ਨਿਰਮਲ ਸਿੰਘ ਜੌੜਾ ਆਦਿ ਨੇ ਸੰਬੋਧਨ ਕੀਤਾ। ਸਮਾਰੋਹ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਅਸ਼ੋਕ ਕਟਾਰੀਆ, ਪ੍ਰੇਮ ਚੰਦ ਭੀਮਾ ਅਤੇ ਕਰਨਵੀਰ ਕਟਾਰੀਆ ਆਦਿ ਪਤਵੰਤੇ ਵੀ ਮੌਜੂਦ ਸਨ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਕਿਹਾ ਕਿ ਜਿਸ ਕਾਲਜ ਦੀ ਵਾਹ-ਵਾਹੀ ‘ਆਪ’ ਸਰਕਾਰ ਲੈ ਰਹੀ ਹੈ, ਉਹ ਕਾਲਜ ਕਾਂਗਰਸ ਸਰਕਾਰ ਵੇਲੇ ਤਤਕਾਲੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀਆਂ ਕੋਸ਼ਿਸ਼ਾਂ ਸਦਕਾ ਮਈ 2021 ਵਿੱਚ ਖੁੱਲ੍ਹਿਆ ਸੀ ਅਤੇ ਇਸ ਕਾਲਜ ਦੇ ਵਿਦਿਆਰਥੀ ਆਪਣੇ ਕੋਰਸ ਦੇ ਹੁਣ ਤੱਕ 3 ਸਾਲ ਮੁਕੰਮਲ ਕਰ ਚੁੱਕੇ ਹਨ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਕਰੋੜ ਰੁਪਏ ਦੇ ਫੰਡ ਅਲਾਟ ਕਰਕੇ 13 ਸਤੰਬਰ 2021 ਨੂੰ ਇਸ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਦੋਂ ਤੋਂ ਹੀ ਇਹ ਕਾਲਜ ਲੋਕਾਂ ਨੂੰ ਸਮਰਪਿਤ ਹੋ ਗਿਆ ਸੀ। ਸ੍ਰੀ ਮੰਗੂਪੁਰ ਨੇ ਕਿਹਾ ਕਿ ਪਹਿਲਾਂ ਹਲਕਾ ਵਿਧਾਇਕਾ ਕਾਂਗਰਸ ਸਰਕਾਰ ਵੇਲੇ ਰੱਖੇ ਨੀਂਹ ਪੱਥਰਾਂ ਉੱਤੇ ਆਪਣੇ ਨਾਂ ਦੇ ਨੀਂਹ ਪੱਥਰ ਰੱਖ ਕੇ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਸੀ ਅਤੇ ਹੁਣ ਮੁੱਖ ਮੰਤਰੀ ਪੰਜਾਬ ਨੇ ਵੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਾਰੀਆਂ 13 ਸੀਟਾਂ ਜਿੱਤਾਂਗੇ: ਭਗਵੰਤ ਮਾਨ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਐਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਅੱਜ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ। ਦੋਵਾਂ ਨੇ ਸੰਗਤ ਵਿੱਚ ਬੈਠ ਕੇ ਸ਼ਬਦ ਕੀਰਤਨ ਵੀ ਸੁਣਿਆ। ਗੁਰਦੁਆਰੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪਾਰਟੀ ਨੇ ਵਿਧਾਨ ਸਭਾ ਦੀਆਂ 117 ’ਚੋਂ 92 ਸੀਟਾਂ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ ਪਰ ਹੁਣ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਇਤਿਹਾਸ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਪੰਜਾਬ ਦੀ ‘ਆਪ’ ਸਰਕਾਰ ਦੇ ਰਾਜ ਵਿੱਚ ਰਿਕਾਰਡ-ਤੋੜ ਵਿਕਾਸ ਹੋਇਆ ਹੈ ਅਤੇ ਉਹ ਵਿਕਾਸ ਦੇ ਨਾਂ ’ਤੇ ਹੀ ਵੋਟਾਂ ਮੰਗਣ ਲਈ ਲੋਕਾਂ ਕੋਲ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਪੜਾਅਵਾਰ ਲਗਪਗ ਸਾਰੇ ਪੂਰੇ ਕਰ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਈ ਜਾਵੇਗੀ। ਮੁੱਖ ਮੰਤਰੀ ਨੇ ਦੋ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਪ੍ਰਾਪਤੀਆਂ ਬਹੁਤ ਜ਼ਿਆਦਾ ਹਨ ਜਿਸ ਨੂੰ ਦੱਸਣ ਲੱਗਿਆਂ ਸ਼ਾਮ ਹੋ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਧਰਮ ਅਤੇ ਜਾਤ-ਪਾਤ ਦੀ ਰਾਜਨੀਤੀ ਨਹੀਂ ਕਰਦੇ, ਸਗੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਚੋਣਾਂ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।