ਦਿਹਾਤੀ ਖੇਤਰ ਦੀਆਂ ਮਾਰਕੀਟਾਂ ਰਹੀਆਂ ਬੰਦ ਅਤੇ ਸ਼ਹਿਰੀ ਆਵਾਜਾਈ ਹੋਈ ਠੱਪ, ਕਿਸਾਨਾਂ ਨੇ ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਦਿੱਤੇ ਧਰਨੇ
ਚੰਡੀਗੜ੍ਹ 16 ਫਰਵਰੀ
ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਖੇਤੀ ਨੂੰ ਬਚਾਉਣ ਲਈ ਅਤੇ ਪੂੰਜੀਪਤੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਕੀਤੀ ਗਈ ਹੈ। ਉਸੇ ਦੌਰਾਨ ਦਿਹਾਤੀ ਖੇਤਰ ਦੀਆਂ ਮਾਰਕੀਟਾਂ ਵੀ ਸਵੇਰ ਤੋਂ ਬੰਦ ਰਹੀਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਕੀਤੀ ਜਾਣ ਵਾਲੀ ਸਬਜ਼ੀਆਂ ਦੀ ਸਪਲਾਈ, ਫਲਾਂ ਦੀ ਸਪਲਾਈ ਅਤੇ ਹੋਰ ਸਾਰੀ ਸਪਲਾਈ ਵੀ ਰੋਕ ਦਿੱਤੀ ਗਈ ਹੈ।
ਇਸੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਕੁਝ ਥਾਵਾਂ ’ਤੇ ਭਾਜਪਾ ਆਗੂਆਂ ਦੇ ਘਰਾਂ ਦਾ ਵੀ ਘਿਰਾਓ ਕੀਤਾ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ ਤਿੰਨ ਵਿੱਚ ਸਥਿਤ ਹਰਿਆਣਾ ਭਾਜਪਾ ਦੇ ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਮਾਮੂਲੀ ਖਿੱਚ ਧੂ ਵੀ ਹੋਈ ਹੈ।
ਇਸੇ ਦੌਰਾਨ ਪੰਜਾਬ ਭਰ ’ਚ ਜਾਮ ਲੱਗਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਸਾਂ ਦਾ ਵੀ ਚੱਕਾ ਮੁਕੰਮਲ ਜਾਮ ਰਿਹਾ।