ਪ੍ਰਧਾਨ ਮੰਤਰੀ ਨੇ ਸਾਬਕਾ ਜਲ ਸੈਨਿਕਾਂ ਦੀ ਰਿਹਾਈ ਲਈ ਆਮਿਰ ਦਾ ਕੀਤਾ ਧੰਨਵਾਦ
ਦੋਹਾ, 15 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਆਮਿਰ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਨਾਲ ਗੱਲਬਾਤ ਮਗਰੋਂ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕਤਰ ਭਵਿੱਖ ਦੇ ਖੇਤਰਾਂ ’ਚ ਸਹਿਯੋਗ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਮੋਦੀ ਨੇ ਕਤਰ ਵੱਲੋਂ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਰਿਹਾਅ ਕੀਤੇ ਜਾਣ ਲਈ ਆਮਿਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੂੰ ਅਗਸਤ 2022 ’ਚ ਗ੍ਰਿਫ਼ਤਾਰੀ ਮਗਰੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਾਬਕਾ ਜਲ ਸੈਨਿਕਾਂ ਦੀ ਵਤਨ ਵਾਪਸੀ ਦੇ ਕੁਝ ਦਿਨਾਂ ਮਗਰੋਂ ਹੀ ਮੋਦੀ ਕਤਰ ਪੁੱਜੇ ਸਨ। ਉਨ੍ਹਾਂ ਦਾ ਕਤਰ ਦਾ ਦੌਰਾ ਸਮਾਪਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਆਮਿਰ ਨਾਲ ਆਪਣੀ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ ਅਤੇ ਕਿਹਾ ਕਿ ਵੱਖ ਵੱਖ ਖੇਤਰਾਂ ’ਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ।

ਦੋਵੇਂ ਆਗੂਆਂ ਵਿਚਕਾਰ ਗੱਲਬਾਤ ਵਪਾਰ, ਨਿਵੇਸ਼, ਊਰਜਾ, ਪੁਲਾੜ, ਸੱਭਿਆਚਾਰ ਅਤੇ ਲੋਕਾਂ ਨਾਲ ਆਪਸੀ ਆਦਾਨ-ਪ੍ਰਦਾਨ ਦੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਵਧਾਉਣ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਰਹੀ। ਉਨ੍ਹਾਂ ਦੋਹਾ ’ਚ ਆਪਣੇ ਰਸਮੀ ਸਵਾਗਤ ਦੀਆਂ ਤਸਵੀਰਾਂ ਨਾਲ ਇਕ ਹੋਰ ਪੋਸਟ ’ਚ ਕਿਹਾ,‘‘ਭਾਰਤ ਅਤੇ ਕਤਰ ਦੇ ਸਬੰਧ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਮੋਦੀ ਅਤੇ ਅਮੀਰ ਵਿਚਕਾਰ ਹੋਈ ਮੀਟਿੰਗ ਨੂੰ ਸਾਰਥਕ ਦੱਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁਲਕ ’ਚ ਭਾਰਤੀ ਭਾਈਚਾਰੇ ਦੀ ਭਲਾਈ ਲਈ ਕਤਰ ਦੇ ਆਗੂ ਦਾ ਧੰਨਵਾਦ ਕੀਤਾ। ਮੋਦੀ ਸੰਯੁਕਤ ਅਰਬ ਅਮੀਰਾਤ ਦੇ ਦੋ ਦਿਨੀਂ ਦੌਰੇ ਮਗਰੋਂ ਬੁੱਧਵਾਰ ਰਾਤ ਦੋਹਾ ਪੁੱਜੇ ਸਨ। ਇਹ ਪ੍ਰਧਾਨ ਮੰਤਰੀ ਦੀ ਕਤਰ ਦੀ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਜੂਨ 2016 ’ਚ ਕਤਰ ਪਹੁੰਚੇ ਸਨ। ਇਥੇ ਪਹੁੰਚਦੇ ਸਾਰ ਮੋਦੀ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਮੁਲਾਕਾਤ ਕੀਤੀ। ਉਹ ਕਤਰ ਦੇ ਵਿਦੇਸ਼ ਮੰਤਰੀ ਵੀ ਹਨ। ਦੋਵੇਂ ਆਗੂਆਂ ਨੇ ਪੱਛਮੀ ਏਸ਼ੀਆ ਦੇ ਹਾਲੀਆ ਘਟਨਾਕ੍ਰਮ ’ਤੇ ਵੀ ਚਰਚਾ ਕੀਤੀ ਅਤੇ ਖ਼ਿੱਤੇ ’ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। -ਪੀਟੀਆਈ