ਚੰਡੀਗੜ੍ਹ/ਸ਼ਿਮਲਾ/ਸ੍ਰੀਨਗਰ, 4 ਫਰਵਰੀ
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਪਹਾੜਾਂ ’ਤੇ ਬਰਫ਼ਬਾਰੀ ਨਾਲ ਜਨ-ਜੀਵਨ ਲੀਹ ਤੋਂ ਉਤਰ ਗਿਆ ਹੈ। ਮੀਂਹ ਅਤੇ ਠੰਢ ਨੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ’ਚ ਬਰਫ਼ਬਾਰੀ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਵਾਂ ’ਤੇ ਸੜਕ ਅਤੇ ਹਵਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ।
ਹਿਮਾਚਲ ਪ੍ਰਦੇਸ਼ ’ਚ ਤਾਜ਼ੀ ਬਰਫ਼ਬਾਰੀ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਬਰਫ਼ ਪੈਣ ਕਾਰਨ ਸੂਬੇ ਦੀਆਂ 518 ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਹਿਮਾਚਲ ’ਚ ਔਰੇਂਜ ਅਲਰਟ ਜਾਰੀ ਕੀਤਾ ਸੀ ਪਰ ਭਾਰੀ ਬਰਫ਼ਬਾਰੀ ਦੀ ਪੇਸ਼ੀਨਗੋਈ ਕਰਦਿਆਂ ਇਸ ਨੂੰ ਅੱਜ ਯੈਲੋ ਚਿਤਾਵਨੀ ’ਚ ਬਦਲ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸ਼ਿਮਲਾ ’ਚ 161, ਲਾਹੌਲ ਸਪਿਤੀ ’ਚ 157, ਕੁੱਲੂ ’ਚ 71, ਚੰਬਾ ’ਚ 69 ਅਤੇ ਮੰਡੀ ਜ਼ਿਲ੍ਹੇ ’ਚ 46 ਸੜਕਾਂ ਬੰਦ ਹੋ ਗਈਆਂ ਹਨ। ਪ੍ਰਦੇਸ਼ ਐਮਰਜੈਂਸੀ ਕੇਂਦਰ ਮੁਤਾਬਕ ਬਰਫ਼ਬਾਰੀ ਕਾਰਨ 478 ਟਰਾਂਸਫਾਰਮਰ ਅਤੇ 567 ਜਲ ਸਪਲਾਈ ਯੋਜਨਾਵਾਂ ’ਤੇ ਵੀ ਅਸਰ ਪਿਆ ਹੈ। ਕਿਨੌਰ ਦੇ ਕਲਪਾ ’ਚ 5.6 ਸੀਐੱਮ ਬਰਫ਼ ਪਈ ਜਦਕਿ ਭਰਮੌਰ ’ਚ 5, ਗੋਂਡਲਾ ’ਚ 4.2, ਕੇਲਾਂਗ ’ਚ 3, ਖਦਰਾਲਾ ਤੇ ਕੁਫਰੀ ’ਚ 2-2, ਸਾਂਗਲਾ ਅਤੇ ਪੂਹ ’ਚ 1-1 ਸੀਐੱਮ ਬਰਫ਼ ਪਈ ਹੈ। ਹਮੀਰਪੁਰ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਨਾਲ ਆਮ ਜਨ-ਜੀਵਨ ਠੱਪ ਹੋ ਗਿਆ। ਜੋਗਿੰਦਰਨਗਰ ’ਚ 13 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਰੋਹੜੂ ’ਚ 10, ਗੋਹਰ ’ਚ 9, ਸਰਾਹਨ, ਸੁਜਾਨਪੁਰ ਟੀਰਾ, ਬਰਥਿਨ, ਨੈਨਾਦੇਵੀ, ਪਾਲਮਪੁਰ, ਸਿਓਬਾਗ, ਸ਼ਿਮਲਾ, ਸੁੰਦਰਨਗਰ, ਧਰਮਸ਼ਾਲਾ, ਊਨਾ ਅਤੇ ਸੋਲਨ ’ਚ 5 ਤੋਂ 7 ਐੱਮਐੱਮ ਤੱਕ ਮੀਂਹ ਪਿਆ ਹੈ।
ਉਧਰ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਜਦਕਿ ਉੱਚੇ ਪਹਾੜੀ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ। ਸ੍ਰੀਨਗਰ, ਰਾਜੌਰੀ, ਡੋਡਾ, ਗੁਲਮਰਗ ਅਤੇ ਹੋਰ ਥਾਵਾਂ ’ਤੇ ਭਾਰੀ ਬਰਫ਼ਬਾਰੀ ਹੋਈ ਹੈ। ਸੜਕਾਂ ਤੋਂ ਬਰਫ਼ ਹਟਾਉਣ ਲਈ ਸਵੇਰ ਤੋਂ ਹੀ ਪ੍ਰਸ਼ਾਸਨ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਅਧਿਕਾਰੀਆਂ ਨੇ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਸੜਕਾਂ ’ਤੇ ਤਿਲਕਣ ਹੋਣ ਕਾਰਨ ਉਹ ਵਾਹਨ ਪੂਰੀ ਸਾਵਧਾਨੀ ਨਾਲ ਚਲਾਉਣ। ਵਾਦੀ ’ਚ ਭਾਰੀ ਬਰਫ਼ਬਾਰੀ ਨੂੰ ਦੇਖਦਿਆਂ ਸ੍ਰੀਨਗਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ਨਿਚਰਵਾਰ ਦੇਰ ਰਾਤ ਤੋਂ ਬਰਫ਼ਬਾਰੀ ਸ਼ੁਰੂ ਹੋ ਗਈ ਸੀ ਅਤੇ ਸਵੇਰੇ ਮੌਸਮ ਕੁਝ ਠੀਕ ਹੋਇਆ ਤਾਂ ਰਨਵੇਅ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਥੋੜੇ ਸਮੇਂ ਬਾਅਦ ਬਰਫ਼ ਮੁੜ ਪੈਣੀ ਸ਼ੁਰੂ ਹੋ ਗਈ। ਇਸ ਮਗਰੋਂ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਪ੍ਰਾਈਵੇਟ ਏਅਰਲਾਈਨਜ਼ ਇੰਡੀਗੋ ਨੇ ਮੁੰਬਈ ਤੋਂ ਜਾਰੀ ਬਿਆਨ ’ਚ ਕਿਹਾ ਕਿ ਉਨ੍ਹਾਂ ਖ਼ਰਾਬ ਮੌਸਮ ਕਾਰਨ ਸ੍ਰੀਨਗਰ ਤੋਂ ਚਾਰ ਅਤੇ ਲੇਹ ਤੋਂ ਦੋ ਉਡਾਣਾਂ ਰੱਦ ਕਰ ਦਿੱਤੀਆਂ ਹਨ। -ਪੀਟੀਆਈ
ਪੰਜਾਬ ਵਿੱਚ ਮੀਂਹ ਨੇ ਠੰਢ ਹੋਰ ਵਧਾਈ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ’ਚ ਮੀਂਹ ਦੇ ਨਾਲ-ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਕਰਕੇ ਪਾਰਾ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਸੂਬੇ ਵਿੱਚ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਸਾਰਾ ਦਿਨ ਕੰਬਣੀ ਛੇੜੀ ਰੱਖੀ। ਅਜਿਹੇ ਮੌਸਮ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ। ਮੌਸਮ ਵਿਭਾਗ ਨੇ 5 ਫਰਵਰੀ ਨੂੰ ਵੀ ਸੂਬੇ ਵਿੱਚ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਤੜਕੇ ਤੋਂ ਹੀ ਕਿਣਮਿਣ ਸ਼ੁਰੂ ਹੋ ਗਈ ਸੀ ਜੋ ਸਾਰਾ ਦਿਨ ਰੁੱਕ-ਰੁੱਕ ਕੇ ਜਾਰੀ ਰਹੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 8.4 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 6.2, ਲੁਧਿਆਣਾ ਵਿੱਚ 7.2, ਪਟਿਆਲਾ ਵਿੱਚ 5.5, ਪਠਾਨਕੋਟ ਵਿੱਚ 1.6 ਅਤੇ ਜਲੰਧਰ ਵਿੱਚ 5.5 ਐੱਮਐੱਮ ਮੀਂਹ ਵਰ੍ਹਿਆ ਹੈ। ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਫਿਰੋਜ਼ਪੁਰ, ਮੋਗਾ, ਰੋਪੜ ਅਤੇ ਮੁਹਾਲੀ ਵਿੱਚ ਵੀ ਮੀਂਹ ਪਿਆ ਹੈ। ਮੌਸਮ ਵਿਗਿਆਨੀ ਸ਼ਿਵਇੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਗਲੇ 24 ਘੰਟੇ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਦੇ ਬਾਵਜੂਦ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਆਉਂਦੇ ਦਿਨਾਂ ਵਿੱਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।