‘ਆਪ’ ਝੂਠ ਬੋਲਣ ਵਿੱਚ ਮਾਹਿਰ ਪਾਰਟੀ: ਰੁਪਾਲਾ

ਜਗਰਾਉਂ, 3 ਫਰਵਰੀ

ਜਗਰਾਉਂ ਦੀ ਪਸ਼ੂ ਮੰਡੀ ਵਿੱਚ ਅੱਜ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ 17ਵੇਂ ਕੌਮਾਂਤਰੀ ਡੇਅਰੀ ਅਤੇ ਐਗਰੀ ਐਕਸਪੋ ਦਾ ਆਗਾਜ਼ ਹੋਇਆ ਹੈ। ਇਸ ਮੌਕੇ ਕੇਂਦਰੀ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਪ੍ਰਸ਼ੋਤਮ ਰੁਪਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਅਤੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਪੀਡੀਐੱਫਏ ਦਾ ਝੰਡਾ ਲਹਿਰਾਇਆ ਅਤੇ ਇਸ ਤਿੰਨ ਰੋਜ਼ਾ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਰੁਪਾਲਾ ਨੇ ਰਾਹੁਲ ਗਾਂਧੀ ਦੀ ਯਾਤਰਾ ’ਤੇ ਤਨਜ਼ ਕੱਸਦਿਆਂ ਉਸ ਨੂੰ ‘ਭਾਰਤ ਤੋੜੋ’ ਯਾਤਰਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ‘ਆਪ’ ਨੂੰ ਝੂਠ ਬੋਲਣ ਵਿੱਚ ਮਾਹਿਰ ਪਾਰਟੀ ਦੱਸਿਆ। ਕੇਂਦਰੀ ਮੰਤਰੀ ਨੇ 400 ਕੰਪਨੀਆਂ ਵੱਲੋਂ ਖੇਤੀ ਤੇ ਡੇਅਰੀ ਕਿੱਤੇ ਵਿੱਚ ਅਤਿ-ਆਧੁਨਿਕ ਤਕਨੀਕ ਨੂੰ ਦਰਸਾਉਂਦੀ ਮਸ਼ੀਨਰੀ, ਉਤਪਾਦ, ਖੁਰਾਕ ਅਤੇ ਦਵਾਈਆਂ ਦੀ ਨੁਮਾਇਸ਼ ਵੀ ਦੇਖੀ। ਉਨ੍ਹਾਂ ਵੱਖ-ਵੱਖ ਸ਼੍ਰੇਣੀਆਂ ਵਿੱਚ ਗਾਵਾਂ ਦੇ ਨਸਲੀ ਮੁਕਾਬਲੇ ਵੀ ਦੇਖੇ ਅਤੇ ਜੇਤੂਆਂ ਦਾ ਸਨਮਾਨ ਕੀਤਾ। ਉਨ੍ਹਾਂ ਪੀਡੀਐੱਫਏ ਨੂੰ ਸੂਬੇ ਵਿੱਚ ਬਰੀਡਿੰਗ ਫਾਰਮ ਸਥਾਪਤ ਕਰਨ ਲਈ ਕਿਹਾ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੀਡੀਐੱਫਏ ਨੇ ਸੂਬੇ ਦੇ ਡੇਅਰੀ ਕਿੱਤੇ ਨੂੰ ਬਰੀਡਿੰਗ ਅਤੇ ਦੁੱਧ ਚੁਆਈ ’ਚ ਕੌਮਾਂਤਰੀ ਪੱਧਰ ’ਤੇ ਪਹੁੰਚਾਇਆ ਹੈ। ਰੂਪਨਗਰ ਜ਼ਿਲ੍ਹੇ ਦੇ ਪਿੰਡ ਖੈਰਪੁਰ ਚੰਗਰਾਲੀ ਦੇ ਪਰਮਿੰਦਰ ਸਿੰਘ ਨੂੰ ਬੈਸਟ ਡੇਅਰੀ ਫਾਰਮਰ ਐਵਾਰਡ ਨਾਲ ਸਨਮਾਨਿਆ ਗਿਆ।

Leave a Comment

[democracy id="1"]

You May Like This