ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਦਸਮ ਗੁਰੂ ਦਾ ਪ੍ਰਕਾਸ਼ ਪੁਰਬ

ਅਲੌਕਿਕ ਜਲੌਅ ਸਜਾਏ ਤੇ ਦੀਪਮਾਲਾ ਕੀਤੀ; ਸੰਗਤ ਨੇ ਗੁਰੂਘਰ ’ਚ ਨਤਮਸਤਕ ਹੋ ਕੇ ਕੀਰਤਨ ਸਰਵਣ ਕੀਤਾ

ਅੰਮ੍ਰਿਤਸਰ, 17 ਜਨਵਰੀ

ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਗੁਰੂਘਰ ਨਤਮਸਤਕ ਹੋ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਸ ਮੌਕੇ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਵਿਖੇ ਅਲੌਕਿਕ ਜਲੌਅ ਸਜਾਏ ਗਏ।

ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਮਗਰੋਂ ਧਾਰਮਿਕ ਦੀਵਾਨ ਸਜੇ ਤੇ ਰਾਗੀ, ਢਾਡੀ, ਕਵੀਸ਼ਰ, ਜਥਿਆਂ ਤੇ ਪੰਥਕ ਕਵੀਆਂ ਨੇ ਗੁਰੂ ਜਸ ਗਾਇਨ ਕੀਤਾ। ਇਸ ਮੌਕੇ ਸੰਗਤ ਨਾਲ ਗੁਰੂ ਸਾਹਿਬ ਦਾ ਜੀਵਨ ਇਤਿਹਾਸ ਸਾਂਝਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਕਈ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਧਨਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਇਥੇ ਪਹੁੰਚੀ। ਉਨ੍ਹਾਂ ਦੱਸਿਆ ਕਿ ਸ਼ਾਮ ਵੇਲੇ ਰਹਿਰਾਸ ਦੇ ਪਾਠ ਮਗਰੋਂ ਆਤਿਸ਼ਬਾਜ਼ੀ ਚਲਾਈ ਗਈ ਤੇ ਦੀਪਮਾਲਾ ਵੀ ਕੀਤੀ ਗਈ।

ਪਟਨਾ ਸਾਹਿਬ ਤੇ ਰਿਸ਼ੀਕੇਸ਼ ਵਿੱਚ ਵੀ ਮਨਾਇਆ ਗੁਰਪੁਰਬ

ਅੰਮ੍ਰਿਤਸਰ : ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਸੰਗਤ ਨੇ ਸਮਾਗਮ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਦੇਸ਼ ਵਿਦੇਸ਼ ਤੋਂ ਵੀ ਸੰਗਤ ਪੁੱਜੀ ਹੋਈ ਸੀ। ਗੁਰਦੁਆਰੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਦੀਪਮਾਲਾ ਵੀ ਕੀਤੀ ਗਈ। ਬਾਹਰੋਂ ਆਈ ਸੰਗਤ ਦੀ ਰਿਹਾਇਸ਼ ਲਈ ਟੈਂਟ ਸਿਟੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਰਿਸ਼ੀਕੇਸ਼ ਸਥਿਤ ਗੁਰਦੁਆਰੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਟਰੱਸਟ ਵੱਲੋਂ ਚਲਾਏ ਜਾ ਰਹੇ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਵੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ।

Leave a Comment

[democracy id="1"]

You May Like This