ਚੰਡੀਗੜ੍ਹ, 31 ਦਸੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਸਾਰਾ ਦਿਨ ਸੰਘਣੀ ਧੁੰਦ ਤੇ ਸੀਤ ਲਹਿਰਾਂ ਦਾ ਕਹਿਰ ਜਾਰੀ ਰਿਹਾ ਹੈ। ਅੱਜ ਸ਼ਹਿਰ ਵਿੱਚ ਸਾਰਾ ਦਿਨ ਧੁੰਦ ਛਾਈ ਰਹੀ ਅਤੇ ਧੁੱਪ ਨਾ ਨਿਕਲਣ ਕਰਕੇ ਲੋਕਾਂ ਨੂੰ ਕੰਬਣੀ ਛਿੜੀ ਰਹੀ।
ਸੀਤ ਲਹਿਰਾਂ ਕਰਕੇ ਦਿਨ ਸਮੇਂ ਤਾਪਮਾਨ ਵਿੱਚ ਵੀ 7.4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੰਘਣੀ ਧੁੰਦ ਪੈਣ ਕਰਕੇ ਰਾਜਧਾਨੀ ਚੰਡੀਗੜ੍ਹ ਸਣੇ ਹੋਰਨਾਂ ਥਾਵਾਂ ’ਤੇ ਦਿਸਣ ਹੱਦ ਵੀ ਘੱਟ ਗਈ ਹੈ, ਜਿਸ ਕਰਕੇ ਹਵਾਈ, ਰੇਲ ਤੇ ਸੜਕੀ ਆਵਾਜਾਈ ’ਤੇ ਵੀ ਅਸਰ ਪਿਆ। ਸੰਘਣੀ ਧੁੰਦ ਕਰਕੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਦਰਜਨ ਉਡਾਣਾਂ ਰੱਦ ਕਰ ਦਿੱਤੀਆਂ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ 16 ਉਡਾਣਾਂ ਰੱਦ ਕੀਤੀਆਂ ਗਈਆਂ ਸਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 7.4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1, 2, 3, ਤੇ 4 ਜਨਵਰੀ ਤੱਕ ਸ਼ਹਿਰ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ 4 ਜਨਵਰੀ ਨੂੰ ਸ਼ਹਿਰ ਵਿੱਚ ਹਲਕੀ ਬੱਦਲਵਾਈ ਵੀ ਦਿਖਾਈ ਦੇ ਸਕਦੀ ਹੈ। ਜਦੋਂ ਕਿ ਅਗਲੇ ਕੁਝ ਦਿਨ ਸ਼ਹਿਰ ਦੇ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਜਾਵੇਗੀ।