Search
Close this search box.

ਪੰਜਾਬ ਵਿੱਚ ਸੀਤ ਲਹਿਰ ਕਾਰਨ ਠੰਢ ਨੇ ਜ਼ੋਰ ਫੜਿਆ ਸੰਘਣੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ; ਗੁਰਦਾਸਪੁਰ ਰਿਹਾ ਸਭ ਤੋਂ ਠੰਢਾ

ਚੰਡੀਗੜ੍ਹ, 17 ਦਸੰਬਰ

ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਠੰਢ ਦੇ ਜ਼ੋਰ ਫੜਨ ਨਾਲ ਮੈਦਾਨੀ ਇਲਾਕਿਆਂ ’ਚ ਵੀ ਠੰਢ ਵਧ ਗਈ ਹੈ। ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਚੱਲਣ ਕਾਰਨ ਠੰਢ ਜ਼ੋਰ ਫੜਦੀ ਜਾ ਰਹੀ ਹੈ ਅਤੇ ਪਾਰਾ ਲਗਾਤਾਰ ਡਿੱਗ ਰਿਹਾ ਹੈ। ਪੰਜਾਬ ਤੇ ਹਰਿਆਣਾ ਵਿੱਚ ਜਿੱਥੇ ਠੰਢ ਵਧ ਗਈ ਹੈ ਉੱਥੇ ਹੀ ਸਵੇਰੇ-ਸ਼ਾਮ ਪੈ ਰਹੀ ਸੰਘਣੀ ਧੁੰਦ ਕਰ ਕੇ ਵੀ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰ ਕੇ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਅੱਜ ਸੂਬੇ ਵਿੱਚ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 18.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਕਿਣ-ਮਿਣ ਵੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਸੂਬੇ ’ਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 22 ਦਸੰਬਰ ਨੂੰ ਹਿਮਾਲਿਆਈ ਖੇਤਰ ਵਿੱਚ ਪੱਛਮੀ ਗੜਬੜੀ ਦੇਖਣ ਨੂੰ ਮਿਲ ਸਕਦੀ ਹੈ, ਜਿਸ ਕਰ ਕੇ ਠੰਢ ਹੋਰ ਵਧੇਗੀ। ਠੰਢ ਵਧਣ ਕਰ ਕੇ ਤਾਪਮਾਨ ਵਿੱਚ ਇਕ ਤੋਂ ਦੋ ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਜਾਵੇਗਾ। ਠੰਢ ਵਧਣ ਕਰ ਕੇ ਰੋਜ਼ਾਨਾ ਆਪਣੇ ਕੰਮ-ਧੰਦਿਆਂ ’ਤੇ ਜਾਣ ਵਾਲਿਆਂ ਅਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਠੰਢ ਵਧਣ ਕਰ ਕੇ ਗਰਮ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਹਨ। ਇਨ੍ਹਾਂ ਦੁਕਾਨਾਂ ’ਤੇ ਖਰੀਦਦਾਰਾਂ ਦੀ ਭੀੜ ਜੁਟਣ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 20.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 20.5, ਲੁਧਿਆਣਾ ਵਿੱਚ 21.3, ਪਟਿਆਲਾ ’ਚ 21.6, ਪਠਾਨਕੋਟ ਵਿੱਚ 21.6, ਬਠਿੰਡਾ ’ਚ 21, ਗੁਰਦਾਸਪੁਰ ਵਿੱਚ 22, ਨਵਾਂ ਸ਼ਹਿਰ ਵਿੱਚ 22, ਬਰਨਾਲਾ ਵਿੱਚ 20.7, ਫ਼ਰੀਦਕੋਟ ’ਚ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Leave a Comment

[democracy id="1"]

You May Like This