ਪਟਿਆਲਾ, 11 ਦਸੰਬਰ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਆਡੀਟੋਰੀਅਮ ਵਿੱਚ ਉੱਘੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਪੁਲੀਸ ਨੇ ਧੱਕੇ ਨਾਲ ਬੰਦ ਕਰਵਾ ਦਿੱਤਾ। ਇਸ ਦੌਰਾਨ ਸਰੋਤਿਆਂ ਵਿੱਚ ਰੋਸ ਵਧ ਗਿਆ ਤੇ ਉਨ੍ਹਾਂ ਐੱਸਐੱਸਪੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲੀਸ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵੀ ਨਾ ਦਿੱਤੇ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਦਾ ਸਮਾਂ ਖ਼ਤਮ ਹੋ ਗਿਆ ਸੀ, ਇਸ ਕਰ ਕੇ ਪ੍ਰੋਗਰਾਮ ਬੰਦ ਕਰਵਾ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲਾਅ ਯੂਨੀਵਰਸਿਟੀ ਵਿੱਚ ‘ਮਹਿਫ਼ਲ-ਏ-ਸਰਤਾਜ’ ਕਰਵਾਈ ਗਈ। ਇਸ ਦੌਰਾਨ ਸਤਿੰਦਰ ਸਰਤਾਜ ਨੇ ਆਪਣੇ ਮਕਬੂਲ ਗੀਤਾਂ ਦੀ ਝੜੀ ਲਗਾ ਦਿੱਤੀ। ਇਸ ਦਰਮਿਆਨ ਚੱਲਦੇ ਪ੍ਰੋਗਰਾਮ ਵਿੱਚ ਹੀ ਪੁਲੀਸ ਦੇ ਇਕ ਅਧਿਕਾਰੀ ਨੇ ਸਟੇਜ ’ਤੇ ਆ ਕੇ ਪ੍ਰੋਗਰਾਮ ਬੰਦ ਕਰਵਾ ਦਿੱਤਾ। ਪ੍ਰਸ਼ੰਸਕ ਸਤਿੰਦਰ ਸਰਤਾਜ ਨੂੰ ਹੋਰ ਗੀਤ ਗਾਉਣ ਲਈ ਕਹਿੰਦੇ ਰਹੇ ਪਰ ਸਰਤਾਜ ਨੇ ਪੁਲੀਸ ਦੀ ਸਖਤੀ ਕਾਰਨ ਹੋਰ ਗੀਤ ਨਾ ਗਾਉਣ ਲਈ ਉਨ੍ਹਾਂ ਕੋਲੋਂ ਮੁਆਫੀ ਮੰਗ ਲਈ। ਸਰੋਤੇ ਇਸ ਗੱਲੋਂ ਖ਼ਫ਼ਾ ਹੋ ਗਏ। ਉਨ੍ਹਾਂ ਪੁਲੀਸ ਤੇ ਪਟਿਆਲਾ ਦੇ ਐੱਸਐੱਸਪੀ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸਰੋਤਿਆਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਪ੍ਰੋਗਰਾਮ ਕਿਉਂ ਬੰਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ, ਜੇਕਰ ਗਾਇਕ ਸਮਾਂ ਵੱਧ ਲਾ ਰਿਹਾ ਸੀ ਤਾਂ ਯੂਨੀਵਰਸਿਟੀ ਇਤਰਾਜ਼ ਕਰਦੀ ਨਾ ਕਿ ਪੁਲੀਸ ਆ ਕੇ ਬੇਇੱਜ਼ਤੀ ਕਰਨ ਦੇ ਇਰਾਦੇ ਨਾਲ ਗਾਇਕ ਨੂੰ ਗਾਉਣ ਤੋਂ ਹਟਾਉਂਦੀ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਸ਼ੋਅ ਦਾ ਪ੍ਰਬੰਧ ਕਰਾਉਣ ਵਾਲਿਆਂ ਨਾਲ ਕਿਸੇ ‘ਪਾਵਰਫੁੱਲ’ ਵਿਅਕਤੀ ਦੀ ਕਿਸੇ ਗੱਲੋਂ ਅਣਬਣ ਹੋ ਗਈ ਸੀ ਤਾਂ ਹੀ ਉਸ ਨੇ ਸ਼ੋਅ ਬੰਦ ਕਰਵਾਇਆ ਹੈ ਪਰ ਇਸ ਗੱਲ ਦੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਸ਼ੋਅ ਦੀ ਟਿਕਟ ਰੱਖੀ ਗਈ ਸੀ। ਇਸ ਸ਼ੋਅ ਦੀ ਟਿਕਟ 500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਰੱਖੀ ਗਈ ਸੀ। ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਪ੍ਰਬੰਧਕਾਂ ਕੋਲੋਂ ਪਾਸ ਦੀ ਮੰਗ ਕੀਤੀ ਗਈ ਸੀ ਪਰ ਪ੍ਰਬੰਧਕਾਂ ਨੇ ਕਿਸੇ ਨੂੰ ਵੀ ਪਾਸ ਨਹੀਂ ਦਿੱਤੇ, ਜਿਸ ਕਰ ਕੇ ਇਹ ਸ਼ੋਅ ਬੰਦ ਕਰਵਾ ਦਿੱਤਾ ਗਿਆ।
ਉੱਧਰ, ਇਸ ਸਬੰਧ ਵਿੱਚ ਥਾਣਾ ਬਖ਼ਸ਼ੀਵਾਲਾ ਦੇ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਸਤਿੰਦਰ ਸਰਤਾਜ ਕੋਲ ਗਾਉਣ ਦੀ ਰਾਤ 10 ਵਜੇ ਤੱਕ ਦੀ ਆਗਿਆ ਸੀ। ਉਸ ਤੋਂ ਵੱਧ ਉਹ ਗਾ ਨਹੀਂ ਸਕਦੇ ਸਨ, ਇਸ ਵਾਸਤੇ ਮੌਕੇ ’ਤੇ ਮੌਜੂਦ ਪੁਲੀਸ ਨੇ ਖ਼ੁਦ ਹੀ ਸਰਤਾਜ ਨੂੰ ਗਾਉਣ ਤੋਂ ਹਟਾ ਦਿੱਤਾ।