ਸ਼ਿਮਲਾ, 5 ਦਸੰਬਰ
ਸਥਾਨਕ ਜ਼ਿਲ੍ਹੇ ਦੇ ਸੁੰਨੀ ਖੇਤਰ ਨੇੜੇ ਅੱਜ ਸਵੇਰੇ ਇੱਕ ਵਾਹਨ ਦੇ ਖੱਡ ਵਿੱਚ ਡਿੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਇੱਥੋਂ ਲਗਪਗ 35 ਕਿੱਲੋਮੀਟਰ ਦੂਰ ਕੁਧਾਰਘਾਟ ਵਿੱਚ ਉਦੋਂ ਵਾਪਰਿਆ ਜਦੋਂ ਪਿਕਅੱਪ ਟਰੱਕ ਦਾ ਡਰਾਈਵਰ ਸੰਤੁਲਨ ਗੁਆ ਬੈਠਿਆ। ਉਨ੍ਹਾਂ ਦੱਸਿਆ ਕਿ ਵਾਹਨ ਵਿੱਚ ਦਰਜਨ ਦੇ ਕਰੀਬ ਮਜ਼ਦੂਰ ਸਵਾਰ ਸਨ, ਜੋ ਹਿਮਾਚਲ ਪ੍ਰਦੇਸ਼ ਵਿੱਚ ਮਜ਼ਦੂਰੀ ਕਰਦੇ ਸਨ। ਇਨ੍ਹਾਂ ਵਿੱਚੋਂ ਨੌਂ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਜ਼ਦੂਰ ਸੁੰਨੀ ਤੋਂ ਮੰਡੀ ਜਾ ਰਹੇ ਸਨ। ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਹਸਪਤਾਲ ਲਿਜਾਣ ਮਗਰੋਂ ਤਿੰਨ ਹੋਰਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈਜੀਐੱਮਸੀਐੱਚ) ਵਿੱਚ ਇਲਾਜ ਜਾਰੀ ਹੈ। ਪੁਲੀਸ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਫਰੀਦ (24), ਗੁਲਾਬ (43), ਸਹਿਵੀਰ (19), ਤਾਲਿਬ (23), ਗੁਲਜ਼ਾਰ (30) ਅਤੇ ਮੁਸ਼ਤਾਕ (30) ਵਜੋਂ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਨ੍ਹਾਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਹੈ। ਪੁਲੀਸ ਨੇ ਦੱਸਿਆ ਕਿ ਇੱਕ ਹੋਰ ਹਾਦਸੇ ਵਿੱਚ ਸ਼ਿਮਲਾ ਦੇ ਵਿਕਾਸਨਗਰ ਖੇਤਰ ਵਿੱਚ ਇੱਕ ਟਰੱਕ ਨੇ ਚਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਕਿਸੇ ਦੇ ਮਰਨ ਦੀ ਕੋਈ ਸੂਚਨਾ ਨਹੀਂ ਹੈ।