ਚੰਡੀਗੜ੍ਹ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੱਤਾਧਾਰੀ ਪਾਰਟੀ ਦੇ ਕੁਝ ਜ਼ਿਲ੍ਹਾ ਪੱਧਰੀ ਚੇਅਰਮੈਨਾਂ ਵੱਲੋਂ ਟਰੈਫ਼ਿਕ ਪੁਲੀਸ ਤੋਂ ‘ਸਨਮਾਨ ਦੀ ਸਲਾਮੀ’ ਮੰਗੇ ਜਾਣ ਮਗਰੋਂ ਉਨ੍ਹਾਂ ਨੂੰ ਨਕਲੀ ਆਮ ਆਦਮੀ ਕਰਾਰ ਦਿੱਤਾ। ਸ੍ਰੀ ਬਾਜਵਾ ਨੇ ਕਿਹਾ ਕਿ ਬਠਿੰਡਾ ਦੇ ਕੁਝ ਜ਼ਿਲ੍ਹਾ ਪੱਧਰੀ ਚੇਅਰਮੈਨਾਂ ਨੇ ਬਠਿੰਡਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਕਰਕੇ ਸਥਾਨਕ ਟਰੈਫ਼ਿਕ ਪੁਲੀਸ ਵੱਲੋਂ ਸਲੂਟ ਮਾਰੇ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਚੇਅਰਮੈਨ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ। ਚੇਅਰਮੈਨ ਅਹੁਦੇ ਦੀ ਸਹੁੰ ਵੀ ਨਹੀਂ ਚੁੱਕਦੇ। ਉਨ੍ਹਾਂ ਕਿਹਾ ਕਿ ਉਹ ਵੀਡੀਓ ਵਾਇਰਲ ਕਰਨ ਲਈ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਠਿੰਡਾ ਦਿਹਾਤੀ ਤੋਂ ‘ਆਪ’ ਦੇ ਦਾਗ਼ੀ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਵਿਧਾਇਕ ਨੂੰ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਸੱਦਾ ਨਹੀਂ ਦਿੱਤਾ ਗਿਆ।