ਮੈਲਬਰਨ, 18 ਨਵੰਬਰ
ਆਸਟਰੇਲੀਆ ’ਚ ਰਹਿਣ ਵਾਲੇ ਇੱਕ ਸਿੱਖ ਰੇਸਤਰਾਂ ਮਾਲਕ ਨੇ ਦੋਸ਼ ਲਾਇਆ ਕਿ ਹਾਲ ਹੀ ਦੇ ਮਹੀਨਿਆਂ ’ਚ ਉਸ ਨੂੰ ਕਈ ਵਾਰ ਨਸਲੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਉਸ ਨੂੰ ਘਰ ਵਾਪਸ ਜਾਣ ਲਈ ਕਿਹਾ ਗਿਆ ਤੇ ਉਸ ਦੀ ਕਾਰ ’ਤੇ ਕੁੱਤੇ ਦਾ ਗੰਦ ਸੁੱਟਿਆ ਗਿਆ।
ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਤਸਮਾਨੀਆ ਦੇ ਹੌਬਾਰਟ ’ਚ ਰੇਸਤਰਾਂ ਚਲਾ ਰਹੇ ਜਰਨੈਲ ਸਿੰਘ ਨੇ ਕਿਹਾ ਕਿ ਪਿਛਲੇ ਦੋ ਜਾਂ ਤਿੰਨ ਮਹੀਨਿਆਂ ਤੋਂ ਉਸ ਨੂੰ ਨਸਲੀ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਨੇ ਕਿਹਾ, ‘ਮੇਰੇ ਨਾਲ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ ਪਰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮੈਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’ ਉਸ ਨੇ ਦੱਸਿਆ, ‘ਇਹ ਮਾਨਸਿਕ ਤੌਰ ’ਤੇ ਬਹੁਤ ਤਣਾਅ ਵਾਲੀ ਗੱਲ ਹੈ ਜਦੋਂ ਕੋਈ ਤੁਹਾਡੇ ਘਰ ਆ ਜਾਂਦਾ ਹੈ ਅਤੇ ਖਾਸ ਤੌਰ ’ਤੇ ਤੁਹਾਡਾ ਨਾਂ ਲੈ ਤੁਹਾਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਨਾਲ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਕੁਝ ਕੀਤਾ ਜਾਣਾ ਚਾਹੀਦਾ ਹੈ।’
ਉਨ੍ਹਾਂ ਦੱਸਿਆ ਕਿ ਪਹਿਲੀ ਘਟਨਾ ਵਿੱਚ ਚਾਰ-ਪੰਜ ਦਿਨ ਲਗਾਤਾਰ ਉਸ ਦੇ ਘਰ ਦੇ ਬਾਹਰ ਖੜ੍ਹੀ ਉਸ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ’ਤੇ ਕੁੱਤੇ ਦਾ ਗੰਦ ਲਾਇਆ ਜਾਂਦਾ ਰਿਹਾ। ਇਸ ਮਗਰੋਂ ਉਸ ਦੇ ਰਾਹ ਵਿੱਚ ਨਸਲੀ ਨਾਅਰੇ ਲਿਖੇ ਗਏ ਤੇ ਉਸ ਨੂੰ ‘ਭਾਰਤੀ, ਘਰ ਵਾਪਸ ਜਾਓ’ ਕਿਹਾ ਗਿਆ। ਉਸ ਨੇ ਪੁਲੀਸ ਨੂੰ ਰਿਪੋਰਟ ਕੀਤੀ ਪਰ ਕੋਈ ਵੀਡੀਓ ਸਬੂਤ ਨਾ ਹੋਣ ਕਾਰਨ ਸ਼ਰਾਰਤੀਆਂ ਦਾ ਪਤਾ ਨਹੀਂ ਲਾਇਆ ਜਾ ਸਕਿਆ। ਜਰਨੈਲ ਸਿੰਘ ਨੇ ਕਿਹਾ ਕਿ ਉਸ ਨੂੰ ਸਭ ਤੋਂ ਪਹਿਲਾਂ ਇੱਕ ਨੌਜਵਾਨ ਵੱਲੋਂ ਲਿਖਿਆ ਨਸਲੀ ਟਿੱਪਣੀਆਂ ਵਾਲਾ ਇੱਕ ਪੱਤਰ ਮਿਲਿਆ ਸੀ ਪਰ ਉਸ ਨੇ ਪੁਲੀਸ ਨੂੰ ਸੂਚਨਾ ਦੇਣ ਮਗਰੋਂ ਇਸ ਵੱਲ ਧਿਆਨ ਨਾ ਦਿੱਤਾ। ਇਸ ਤੋਂ ਇੱਕ ਮਹੀਨੇ ਬਾਅਦ ਇੱਕ ਹੋਰ ਪੱਤਰ ਮਿਲਿਆ ਜਿਸ ਵਿੱਚ ਹੋਰ ਵੀ ਭੱਦੀਆਂ ਨਸਲੀ ਟਿੱਪਣੀਆਂ ਸਨ ਤੇ ਉਸ ਦੀ ਕਾਰ ਤੋੜਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਜ਼ਿਕਰਯੋਗ ਹੈ ਜਰਨੈਲ ਸਿੰਘ ਪਿਛਲੇ 15 ਸਾਲ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਹੈ। ਤਸਮਾਨੀਆ ਪੁਲੀਸ ਦੇ ਕਮਾਂਡਰ ਜੈਸਨ ਐਲਮਰ ਨੇ ਕਿਹਾ ਕਿ ਪੁਲੀਸ ਨੂੰ ਘਟਨਾਵਾਂ ਦੀ ਸੂਚਨਾ ਮਿਲੀ ਹੈ ਤੇ ਉਹ ਇਸ ਦੀ ਪੜਤਾਲ ਕਰ ਰਹੇ ਹਨ।