ਰੂਪਨਗਰ, 30 ਸਤੰਬਰ
ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ) ਰੂਪਨਗਰ ਵੱਲੋਂ ਰੂਪਨਗਰ-ਜਲੰਧਰ ਬਾਈਪਾਸ ’ਤੇ ਸਥਿਤ ਸਾਹਿਬਜ਼ਾਦਾ ਅਜੀਤ ਸਿੰਘ ਚੌਕ ਦੇ ਸੁੰਦਰੀਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਰਹਿੰਦ ਨਹਿਰ ਦੇ ਕੰਢੇ ਸਥਿਤ ਇਸ ਚੌਕ ਨੂੰ ਸੁੰਦਰ ਬਣਾਉਣ ਦੀ ਸੇਵਾ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਨੂੰ ਮਿਲੀ ਹੈ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਚੌਕ ਵਿੱਚ ਸੁੰਦਰ ਲਾਈਟਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਤੋਂ ਇਲਾਵਾ ਇਸ ਚੌਕ ਦੇ ਚਾਰੋਂ ਪਾਸੇ ਫੁੱਲਾਂ ਅਤੇ ਚੌਕ ਨੂੰ ਜਾਂਦੀਆਂ ਸੜਕਾਂ ’ਤੇ ਫਲ਼ਦਾਰ ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਚੌਕ ਦੇ ਸੁੰਦਰੀਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੌਕ ਦਾ ਸੁੰਦਰੀਕਰਨ ਕਰਨ ਦੀ ਸੇਵਾ ਅੱਜ ਸੰਤ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਵੱਲੋਂ ਅਰਦਾਸ ਕਰਨ ਅਤੇ ਅਕੈਡਮੀ ਦੇ ਬੈਂਡ ਦੀ ਟੀਮ ਦੀਆਂ ਮਨਮੋਹਕ ਧੁੰਨਾਂ ਰਾਹੀਂ ਸ਼ਬਦ ਉਚਾਰਨ ਉਪਰੰਤ ਸ਼ੁਰੂ ਕੀਤੀ ਗਈ। ਇਸ ਮੌਕੇ ਪਿੰਡ ਰੈਲੋਂ ਖੁਰਦ ਦੇ ਸਰਪੰਚ ਗੁਰਨਾਮ ਸਿੰਘ, ਰੈਲੋਂ ਕਲਾਂ ਦੇ ਸਰਪੰਚ ਜਗਵੀਰਇੰਦਰ ਸਿੰਘ ਜੌਬੀ, ਸਰਪੰਚ ਸਤਨਾਮ ਸਿੰਘ ਰਸੂਲਪੁਰ, ਸਰਪੰਚ ਸੁਪਿੰਦਰ ਸਿੰਘ ਭਿਉਰਾ ਹਾਜ਼ਰ ਸਨ।