ਫਗਵਾੜਾ, 30 ਸਤੰਬਰ
ਇਥੋਂ ਦੀ ਸ਼ੂਗਰ ਮਿੱਲ ਦੇ ਸਾਬਕਾ ਡਾਇਰੈਕਟਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਜ਼ਮੀਨ ਨੂੰ ਖੁਰਦ-ਬਰਦ ਕਰਨ ਦੇ ਮਾਮਲੇ ’ਚ ਅੱਜ ਵਿਜੀਲੈਂਸ ਵਿਭਾਗ ਪੰਜਾਬ ਨੇ ਸੀਨੀਅਰ ਅਕਾਲੀ ਆਗੂ ਤੇ ਵਾਹਦ ਸੰਧਰ ਸ਼ੂਗਰ ਮਿੱਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨੂੰ ਸਵੇਰੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਜਰਨੈਲ ਸਿੰਘ ਵਾਹਦ, ਸਾਬਕਾ ਮੈਨੇਜਿੰਗ ਡਾਇਰੈਕਟਰ ਵਾਹਦ ਸੰਧਰ ਸ਼ੂਗਰਜ਼ ਲਿਮ. ਫਗਵਾੜਾ, ਰੁਪਿੰਦਰ ਕੌਰ ਵਾਹਦ ਪਤਨੀ ਜਰਨੈਲ ਸਿੰਘ ਵਾਹਦ ਸਾਬਕਾ ਡਾਇਰੈਕਟਰ ਤੇ ਸੰਦੀਪ ਸਿੰਘ ਵਾਹਦ ਪੁੱਤਰ ਜਰਨੈਲ ਸਿੰਘ ਵਾਹਦ ਸਾਬਕਾ ਡਾਇਰੈਕਟਰ ਸ਼ੂਗਰ ਮਿੱਲਜ਼ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ 9 ਫਰਵਰੀ 1933 ਨੂੰ ਮਹਾਰਾਜਾ ਜਗਤਜੀਤ ਸਿੰਘ ਨੇ ਇਕਰਾਰਨਾਮੇ ਤਹਿਤ ਜਗਤਜੀਤ ਸ਼ੂਗਰ ਮਿੱਲ ਲਿਮਟਿਡ ਕੰਪਨੀ ਖੜ੍ਹੀ ਕਰਕੇ 251 ਕਨਾਲ 18 ਮਰਲੇ ਜ਼ਮੀਨ ਬਿਨਾ ਕਿਸੇ ਕੀਮਤ ਬਤੌਰ ਮੁਆਫ਼ੀ ਜਗਤਜੀਤ ਸ਼ੂਗਰ ਮਿੱਲ ਫਗਵਾੜਾ ਨੂੰ ਸ਼ੂਗਰ ਮਿੱਲ ਚਲਾਉਣ ਲਈ ਦਿੱਤੀ ਸੀ ਤੇ ਮਾਲਕੀ ਦੇ ਹੱਕ ਵੀ ਸ਼ਰਤਾਂ ਤਹਿਤ ਦਿੱਤੇ ਸਨ। ਸਮਝੌਤੇ ਅਨੁਸਾਰ ਇਹ ਜ਼ਮੀਨ ਸਰਕਾਰ ਦੀ ਹੈ ਤੇ ਇਸ ਨੂੰ ਵੇਚਿਆ ਨਹੀਂ ਜਾ ਸਕਦਾ ਤੇ ਨਾ ਹੀ ਗਹਿਣੇ ਰੱਖਿਆ ਜਾ ਸਕੇਗਾ। ਜੇਕਰ ਸ਼ੂਗਰ ਮਿੱਲ ਬੰਦ ਹੁੰਦੀ ਹੈ ਤਾਂ ਇਹ ਜ਼ਮੀਨ ਵਾਪਸ ਸਰਕਾਰ ਨੂੰ ਬਿਨਾ ਕਿਸੇ ਮੁਆਵਜ਼ੇ ਚਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਗਤਜੀਤ ਸਿੰਘ ਸ਼ੂਗਰ ਮਿੱਲ ਨੂੰ ਚਲਾਉਣ ਵਾਲੀ ਕੰਪਨੀ ਓਸਵਾਲ ਐਗਰੋ ਲਿਮਟਿਡ ਦੇ ਡਾਇਰੈਕਟਰਾਂ ਨੇ ਇੱਕ ਸਮਝੌਤੇ ਨਾਲ 18 ਅਕਤੂਬਰ 2020 ਨੂੰ ਆਪਣੇ ਅਧਿਕਾਰ ਵਾਹਦ ਸੰਧਰ ਸ਼ੂਗਰਜ਼ ਲਿਮਟਿਡ ਨੂੰ ਦੇ ਦਿੱਤੇ। ਇਸ ਦੌਰਾਨ ਜਗਤਜੀਤ ਸ਼ੂਗਰ ਮਿਲਜ਼ ਕੰਪਨੀ ਤੇ ਮੈਸ. ਵਾਹਦ ਸੰਧਰ ਸ਼ੂਗਰਜ਼ ਲਿਮਟਿਡ ਦੇ ਡਾਇਰੈਕਟਰਾਂ ਨੇ ਕਥਿਤ ਮਿਲੀਭੁਗਤ ਨਾਲ ਜਗਤਜੀਤ ਸ਼ੂਗਰ ਮਿਲਜ਼ ਕੰਪਨੀ ਫਗਵਾੜਾ ਪਾਸੋਂ ਮਿੱਲ ਤੇ ਜ਼ਮੀਨ 99 ਸਾਲਾਂ ਲਈ ਬਿਨਾ ਸਰਕਾਰ ਦੀ ਮਨਜ਼ੂਰੀ ਲਏ ਵਾਹਦ ਸੰਧਰ ਸ਼ੂਗਰ ਕੰਪਨੀ ਲਿਮਟਿਡ ਨੂੰ ਲੀਜ਼ ’ਤੇ ਦੇ ਦਿੱਤੀ ਜਿਸ ਤਹਿਤ ਇਸ ਪ੍ਰਾਪਰਟੀ ਨੂੰ ਕਰਜ਼ਾ ਲੈਣ ਵਾਸਤੇ ਗਹਿਣੇ ਰੱਖਿਆ ਜਾ ਸਕਦਾ ਹੈ ਤੇ ਇਸ ’ਚ ਜਗਤਜੀਤ ਸ਼ੂਗਰਜ਼ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਸ ਦਾ ਮਾਲ ਰਿਕਾਰਡ ’ਚ ਇੰਦਰਾਜ਼ ਨਹੀਂ ਕਰਵਾਇਆ ਗਿਆ। ਮਿੱਲ ਦੀ ਸਰਕਾਰੀ ਜ਼ਮੀਨ ਦਾ ਰਕਬਾ 251 ਕਨਾਲ 18 ਮਰਲੇ ਨੂੰ ਗਹਿਣੇ ਰੱਖ ਕੇ ਵਾਹਦ ਸੰਧਰ ਸ਼ੂਗਰਜ਼ ਲਿਮ. ਨੇ 93.94 ਕਰੋੜ ਦਾ ਕਰਜ਼ਾ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੱਲ ਡਾਇਰੈਕਟਰਾਂ ਨੇ ਆਪਸੀ ਮਿਲੀਭੁਗਤ ਕਰਕੇ ਸਾਲ 2010-11 ’ਚ ਸ਼ੂਗਰ ਮਿੱਲ ਪਲਾਜ਼ਾ ਪ੍ਰਾਈਵੇਟ ਲਿਮਟਿਡ, ਸਾਲ 2013-14 ’ਚ ਫ਼ਿਟਨੈੱਸ ਪ੍ਰਾਈਵੇਟ ਲਿਮ. ਦੇ ਨਾਂ ਹੇਠ ਰਜਿਸਟਰ ਕਰਵਾਈ ਗਈ ਜਿਸ ਦੇ ਡਾਇਰੈਕਟਰਾਂ ਨੇ ਆਪਸੀ ਮਿਲੀਭੁਗਤ ਨਾਲ ਸਰਕਾਰੀ ਜ਼ਮੀਨ 6 ਕਨਾਲ 4 ਮਰਲੇ ਵੇਚ ਦਿੱਤੀ ਤੇ 251 ਕਨਾਲ 18 ਮਰਲੇ ਸਟੇਟ ਬੈਂਕ ਆਫ਼ ਇੰਡੀਆ ਇੰਸਟਰੀਅਲ ਬ੍ਰਾਂਚ ਲੁਧਿਆਣਾ ਕੋਲ ਗਹਿਣੇ ਰੱਖ ਦਿੱਤੀ ਤੇ ਸਰਕਾਰੀ ਜ਼ਮੀਨ ਨੂੰ ਖੁਰਦ-ਬੁਰਦ ਕਰ ਕੇ ਕਥਿਤ ਤੌਰ ’ਤੇ ਧੋਖਾ ਕੀਤਾ। ਉਨ੍ਹਾਂ ਦੱਸਿਆ ਕਿ ਵਾਹਦ ਸੰਧਰ ਸ਼ੂਗਰਜ਼ ਨੇ 2013 ’ਚ ਅਸਲ ਤੱਥਾਂ ਨੂੰ ਛੁਪਾ ਕੇ ਅਦਾਲਤ ਨੂੰ ਕਥਿਤ ਧੋਖੇ ’ਚ ਰੱਖ ਕੇ ਸਰਕਾਰੀ ਜ਼ਮੀਨ ਦੀ ਡਿਕਰੀ ਆਪਣੇ ਹੱਕ ’ਚ ਲੈ ਲਈ। ਇਸ ’ਚ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਨਾਲ ਰਲ ਕੇ 6 ਕਨਾਲ 4 ਮਰਲੇ ਦੀ ਜ਼ਮੀਨ ਦੀ ਮਲਕੀਅਤ ਸਟੇਟ ਬੈਂਕ ਆਫ਼ ਲੁਧਿਆਣਾ ਨੂੰ ਰਜਿਸਟਰਡ ਕੀਤੀ ਹੈ ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ 1973 ’ਚ ਮਿਲ ਦੀ ਮੈਨੇਜਮੈਂਟ ਵਲੋਂ ਕੁਝ ਹਿੱਸੇ ਨੂੰ ਪਲਾਟ ਬਣਾ ਕੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਿਸ ਨੂੰ ਡੀਸੀ ਵਲੋਂ ਰੋਕਿਆ ਗਿਆ ਸੀ।
ਸੱਤ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ
ਵਿਜੀਲੈਂਸ ਵਿਭਾਗ ਅਨੁਸਾਰ ਮਾਮਲੇ ’ਚ ਨਾਮਜ਼ਦ ਜਸਵਿੰਦਰ ਸਿੰਘ ਬੈਂਸ, ਹਰਵਿੰਦਰਜੀਤ ਸਿੰਘ ਸੰਧਰ, ਸੁਖਬੀਰ ਸਿੰਘ ਸੰਧਰ, ਕੁਲਦੀਪ ਸਿੰਘ ਸੰਧਰ, ਕੁਲਵੰਤ ਸਿੰਘ, ਮਨਜੀਤ ਸਿੰਘ ਢਿੱਲੋਂ, ਅਮਨ ਸ਼ਰਮਾ (ਸਾਬਕਾ ਐਡੀਸ਼ਨਲ ਡਾਇਰੈਕਟਰ), ਪ੍ਰਵੀਨ ਛਿੱਬੜ ਤਹਿਸੀਲਦਾਰ, ਪਵਨ ਕੁਮਾਰ ਸਾਬਕਾ ਨਾਇਬ ਤਹਿਸੀਲਦਾਰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ।