ਹੜ੍ਹਾਂ ਦੌਰਾਨ ਚੱਕ ਸ਼ਰੀਫ-ਭੈਣੀ ਮੀਆਂ ਖਾਂ ਦੇ ਦਰਮਿਆਨ ਨੁਕਸਾਨੇ ਪੁੱਲ ਨੂੰ ਨਵਾਂ ਬਣਾਇਆ ਜਾਵੇਗਾ

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਪੁੱਲ ਦੇ ਨੁਕਸਾਨ ਦੀ ਤਕਨੀਕੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ
ਰਾਹਗੀਰਾਂ ਦੀ ਸਹੂਲਤ ਲਈ ਹਲਕੇ ਵਾਹਨਾਂ ਲਈ ਅਸਥਾਈ ਲਾਂਘਾ ਤਿਆਰ ਕਰੇਗਾ ਵਿਭਾਗ
ਗੁਰਦਾਸਪੁਰ, 21 ਸਤੰਬਰ
– ਪਿਛਲੇ ਮਹੀਨੇ ਹੜ੍ਹ ਦੇ ਪਾਣੀ ਨਾਲ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ ਪੈਂਦੀ ਡਰੇਨ ਦੇ ਪੁੱਲ ਨੂੰ ਨੁਕਸਾਨ ਪਹੁੰਚਿਆ ਸੀ ਜਿਸ ਕਾਰਨ ਇਹ ਪੁੱਲ ਅੱਧ ਵਿਚੋਂ ਬੈਠ ਗਿਆ ਸੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪੁੱਲ ਦਾ ਨਿਰੀਖਣ ਕਰਨ ਤੋਂ ਬਾਅਦ ਇਸਨੂੰ ਅਸੁਰੱਖਿਅਤ ਘੋਸ਼ਿਤ ਕਰਦੇ ਹੋਏ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਲੋਕ ਨਿਰਮਾਣ ਵਿਭਾਗ ਦੇ ਗੁਰਦਾਸਪੁਰ ਵਿਖੇ ਤਾਇਨਾਤ ਐਕਸੀਅਨ ਹਰਜੋਤ ਸਿੰਘ ਨੇ ਇਸ ਪੁੱਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਾਣੀ ਘੱਟਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਵੱਲੋਂ ਇਸ ਪੁੱਲ ਦੇ ਨੁਕਸਾਨ ਦਾ ਜਾਇਜਾ ਲਿਆ ਗਿਆ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਪੁੱਲ ਦਾ ਕੇਂਦਰੀ ਪਿੱਲਰ ਬੈਠ ਗਿਆ ਸੀ। ਇਸ ਪੁੱਲ ਦੀਆਂ ਫੋਟੋਆਂ ਅਤੇ ਵੀਡੀਓਗ੍ਰਾਫੀ ਸਮੇਤ ਤਕਨੀਕੀ ਰੀਪੋਰਟ ਵਿਭਾਗ ਨੂੰ ਭੇਜੀ ਗਈ ਸੀ ਜਿਸ ਤੋਂ ਬਾਅਦ ਤਕਨੀਕੀ ਮਾਹਿਰਾਂ ਨੇ ਇਹ ਪਾਇਆ ਹੈ ਕਿ ਇਸ ਪੁੱਲ ਦੀ ਮੁਰੰਮਤ ਨਹੀਂ ਹੋ ਸਕਦੀ ਅਤੇ ਇਸ ਪੁੱਲ ਨੂੰ ਨਵੇਂ ਸਿਰੇ ਤੋਂ ਹੀ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਨਿਰਮਾਣ ਵਿਭਾਗ ਉਸ ਸਮੇਂ ਅਸਥਾਈ ਲਾਂਘਾ ਬਣਾ ਵੀ ਦਿੰਦਾ ਤਾਂ ਪਾਣੀ ਜਿਆਦਾ ਹੋਣ ਕਾਰਨ ਉਸ ਉੱਪਰੋਂ ਭਾਰੀ ਵਾਹਨਾਂ ਦੇ ਲੰਘਣ ਨਾਲ ਵੀ ਹਾਦਸਾ ਵਾਪਰ ਸਕਦਾ ਸੀ। ਇਸ ਲਈ ਇਸ ਪੁੱਲ ਉੱਪਰੋਂ ਆਵਾਜਾਈ ਨੂੰ ਰੋਕਿਆ ਗਿਆ ਸੀ।
ਐਕਸੀਅਨ ਹਰਜੋਤ ਸਿੰਘ ਨੇ ਦੱਸਿਆ ਕਿ ਨਵੇਂ ਪੁੱਲ ਨੂੰ ਬਣਾਉਣ ਲਈ ਪੰਜਾਬ ਸਰਕਾਰ ਨੂੰ ਤਜਵੀਜ ਭੇਜੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਸਬੰਧੀ ਮਨਜ਼ੂਰੀਆਂ ਅਤੇ ਗ੍ਰਾਂਟ ਜਾਰੀ ਹੋ ਜਾਵੇਗੀ, ਜਿਸ ਤੋਂ ਬਾਅਦ ਤਿੰਨ-ਚਾਰ ਮਹੀਨੇ ਵਿੱਚ ਪੁੱਲ ਨੂੰ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸਦੇ ਨਾਲ ਹੀ ਹੌਲੇ ਵਾਹਨਾਂ ਲਈ ਇਥੇ ਅਸਥਾਈ ਲਾਂਘਾ ਬਣਾ ਕੇ ਦਿੱਤਾ ਜਾਵੇਗਾ ਤਾਂ ਜੋ ਸਕੂਟਰ ਮੋਟਰਸਾਈਕਲ ਤੇ ਹੋਰ ਹਲਕੇ ਵਾਹਨ ਏਥੋਂ ਦੀ ਲੰਘ ਸਕਣ।
ਐਕਸੀਅਨ ਹਰਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਥੇ ਕੁਝ ਵਿਅਕਤੀ ਕੋਸ਼ਿਸ਼ ਕਰ ਰਹੇ ਹਨ ਇਸ ਪੁੱਲ ਨੂੰ ਆਪਣੇ ਪੱਧਰ ’ਤੇ ਠੀਕ ਕਰਕੇ ਜਾਂ ਅਸਥਾਈ ਪੁੱਲ ਬਣਾ ਕੇ ਲਾਂਘਾ ਚਾਲੂ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤਕਨੀਕੀ ਤੌਰ ’ਤੇ ਇਹ ਗਲਤ ਹੈ ਅਤੇ ਬਿਨ੍ਹਾਂ ਵਿਭਾਗ ਦੀ ਮਨਜ਼ੂਰੀ ਅਤੇ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਨਾ ਰੱਖ ਕੇ ਤਿਆਰ ਕੀਤਾ ਲਾਂਘਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਜਿਸ ਲਈ ਉਹ ਵਿਅਕਤੀ ਜਿੰਮੇਵਾਰ ਹੋਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਵਿਭਾਗ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੁੱਲ ਦੀ ਉਸਾਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਸਰਕਾਰ ਵੱਲੋਂ ਪ੍ਰਵਾਨਗੀਆਂ ਮਿਲਣ ਦੇ ਨਾਲ ਗ੍ਰਾਂਟ ਜਾਰੀ ਹੋ ਜਾਵੇਗੀ ਜਿਸ ਤੋਂ ਬਾਅਦ ਇਸ ਪੁੱਲ ਨੂੰ ਬਣਾ ਦਿੱਤਾ ਜਾਵੇਗਾ। Punjabi Akhar

Leave a Comment

[democracy id="1"]

You May Like This