ਲੁਧਿਆਣਾ ’ਚ ਅਣਖ ਖਾਤਰ ਲੜਕੀ ਦੀ ਹੱਤਿਆ

ਲੁਧਿਆਣਾ, 6 ਅਗਸਤ

ਥਾਣਾ ਪੀਏਯੂ ਦੀ ਕਾਰਪੋਰੇਸ਼ਨ ਕਲੋਨੀ ਪੰਜ ਪੀਰ ਰੋਡ ’ਤੇ ਪ੍ਰੇਮ ਵਿਆਹ ਕਰਾਉਣ ਵਾਲੀ ਲੜਕੀ ਦੀ ਅੱਜ ਉਸ ਦੇ ਭਰਾ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਉਸ ਦਾ ਪਤੀ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਲੜਕੀ ਦੇ ਭਰਾ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ, ਜਦੋਂ ਸੋਮਾ ਪ੍ਰਾਪਰਟੀ ਡੀਲਰ ਵਜੋਂ ਰਿਸ਼ੀ ਨਗਰ ਜ਼ੈੱਡ ਬਲਾਕ ਵਿੱਚ ਫਾਇਨਾਂਸ ਦਾ ਕੰਮ ਕਰਦੇ ਰਵੀ ਕੁਮਾਰ ਉਰਫ਼ ਭੋਲਾ ਦੇ ਘਰ ਬਾਹਰ ਇੱਕ ਨੌਜਵਾਨ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਰਵੀ ਕੁਮਾਰ ਦੇ ਮੂੰਹ ਤੇ ਮੋਢੇ ’ਤੇ ਲੱਗੀਆਂ। ਉਹ ਜ਼ਖ਼ਮੀ ਹਾਲਤ ਵਿੱਚ ਜਾਨ ਬਚਾਉਣ ਖਾਤਰ ਆਪਣੇ ਘਰ ’ਚ ਵੜ ਗਿਆ ਤੇ ਪਿੱਛਾ ਕਰਦਾ ਹਮਲਾਵਰ ਵੀ ਅੰਦਰ ਚਲਾ ਗਿਆ। ਉਸ ਨੇ ਘਰ ਅੰਦਰ ਆਪਣੀ ਭੈਣ ਸੰਦੀਪ ਕੌਰ ’ਤੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਰਵੀ ਕੁਮਾਰ ਦੀ ਮਾਤਾ ਅਨੀਤਾ ਰਾਣੀ ਨੇ ਰੌਲਾ ਪਾਇਆ। ਹਮਲਾਵਰ ਨੇ ਬਾਹਰ ਆ ਕੇ ਦੱਸਿਆ ਕਿ ਉਹ ਸੰਦੀਪ ਕੌਰ ਦਾ ਭਰਾ ਹੈ ਜਿਸ ਨੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਭੱਜ ਕੇ ਵਿਆਹ ਕਰਾਇਆ ਹੈ। ਇਸ ਦੌਰਾਨ ਜ਼ਖ਼ਮੀ ਹੋਏ ਰਵੀ ਕੁਮਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਹਮਲਾਵਰ ਭੱਜ ਗਿਆ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ ਹੇਠ ਪੁਲੀਸ ਨੇ ਕਾਰਵਾਈ ਕਰਦਿਆਂ ਹਮਲਾਵਰ ਸੂਰਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਦੇਸੀ ਪਿਸਤੌਲ 32 ਬੋਰ ਤੇ 21 ਰੌਂਦ, 18 ਖੋਲ ਕਾਰਤੂਸ ਬਰਾਮਦ ਕਰ ਲਏ ਹਨ। ਪੁਲੀਸ ਅਧਿਕਾਰੀ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਰਵੀ ਕੁਮਾਰ ਦੀ ਦੋਸਤੀ ਭੁਪਿੰਦਰ ਸਿੰਘ ਦੀ ਲੜਕੀ ਸੰਦੀਪ ਕੌਰ ਨਾਲ ਹੋ ਗਈ ਸੀ ਅਤੇ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਲੜਕੀ ਦੇ ਪਰਿਵਾਰਿਕ ਮੈਂਬਰ ਸਹਿਮਤ ਨਹੀਂ ਹੋਏ ਜਿਸ ਕਾਰਨ ਉਨ੍ਹਾਂ ਨੇ ਘਰੋਂ ਭੱਜ ਕੇ ਇਸ ਸਾਲ 29 ਜੂਨ ਨੂੰ ਵਿਆਹ ਕਰਵਾ ਲਿਆ। Punjabi Akhar 

Leave a Comment

[democracy id="1"]

You May Like This