ਫ਼ਿਰੋਜ਼ਪੁਰ, 6 ਅਗਸਤ
ਫ਼ਿਰੋਜ਼ਪੁਰ ਵਿੱਚ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਦੋ ਵੱਖ-ਵੱਖ ਤਸਕਰ ਗਰੋਹਾਂ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 77.8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਬਰਾਮਦਗੀ ਨਾਲ ਪੰਜਾਬ ਪੁਲੀਸ ਨੇ ਨਵਾਂ ਰਿਕਾਰਡ ਕਾਇਮ ਕਰ ਲਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਮੁਲਜ਼ਮਾਂ ਕੋਲੋਂ 9 ਐੱਮਐੱਮ ਦੀਆਂ ਦੋ ਪਿਸਤੌਲਾਂ, ਚਾਰ ਮੈਗਜ਼ੀਨ ਤੇ ਸੌ ਰੌਂਦ, .30 ਬੋਰ ਦੀ ਇੱਕ ਪਿਸਤੌਲ ਸਣੇ ਦੋ ਮੈਗਜ਼ੀਨ ਤੇ 15 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 539 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਾਕਿਸਤਾਨ ਤੋਂ ਆਈ ਹੈਰੋਇਨ ਦੀ ਇਸ ਖੇਪ ਨੂੰ ਇਸ ਵਰ੍ਹੇ ਦੀ ਸਭ ਤੋਂ ਵੱਡੀ ਬਰਾਮਦਗੀ ਦੱਸਿਆ ਜਾ ਰਿਹਾ ਹੈ। ਨਸ਼ੇ ਦੀ ਇਹ ਖੇਪ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ। ਫੜੇ ਗਏ ਮੁਲਜ਼ਮਾਂ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਸਥਾਨਕ ਟੀਮ ਨੂੰ ਇਸ ਬਰਾਮਦਗੀ ਲਈ ਉਚੇਚੇ ਤੌਰ ’ਤੇ ਵਧਾਈ ਦਿੱਤੀ ਹੈ। ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਇਸ ਖੇਪ ਦੀ ਬਰਾਮਦਗੀ ਲਈ ਕਾਫੀ ਮਿਹਨਤ ਕਰ ਰਹੀ ਸੀ। ਉਨ੍ਹਾਂ ਨੂੰ ਪੱਕੀ ਜਾਣਕਾਰੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਕਾਫੀ ਵੱਡੀ ਖੇਪ ਫ਼ਿਰੋਜ਼ਪੁਰ ਸਰਹੱਦ ਰਾਹੀਂ ਆਉਣ ਵਾਲੀ ਹੈ, ਜਿਸ ਨੂੰ ਅੱਗੇ ਦੇਸ਼ ਦੇ ਕਈ ਸੂਬਿਆਂ ਵਿੱਚ ਸਪਲਾਈ ਕੀਤਾ ਜਾਣਾ ਹੈ। ਟੀਮ ਨੇ ਲੰਘੇ ਕੱਲ੍ਹ ਪਹਿਲਾਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਪਿਸਤੌਲ, ਗੋਲੀ ਸਿੱਕਾ ਤੇ 41.8 ਕਿਲੋ ਹੈਰੋਇਨ ਬਰਾਮਦ ਕੀਤੀ ਤੇ ਇਸ ਤੋਂ ਕੁਝ ਸਮੇਂ ਬਾਅਦ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 36 ਕਿਲੋ ਹੈਰੋਇਨ ਹੋਰ ਬਰਾਮਦ ਕਰ ਲਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੱਗਾ ਗਿੱਲ ਉਰਫ਼ ਕਾਲੀ ਵਾਸੀ ਪਿੰਡ ਬਾਰੇ ਕੇ ਜ਼ਿਲ੍ਹਾ ਫ਼ਿਰੋਜ਼ਪੁਰ, ਵੀਰ ਸਿੰਘ ਉਰਫ਼ ਵੀਰੂ ਵਾਸੀ ਪਿੰਡ ਮੁਹਾਰ ਸੋਨਾ ਫ਼ਾਜ਼ਿਲਕਾ, ਜਸਪਿੰਦਰ ਸਿੰਘ ਉਰਫ਼ ਭਿੰਦਾ ਤੇ ਜਗਦੀਪ ਸਿੰਘ ਉਰਫ਼ ਭੁੱਚਰ ਵਾਸੀਆਨ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ। ਚਾਰੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਐੱਸਐੱਸਓਸੀ ਫ਼ਾਜ਼ਿਲਕਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਥਾਣਾ ਇੰਚਾਰਜ ਸਣੇ ਕੁਝ ਹੋਰ ਪੁਲੀਸ ਅਧਿਕਾਰੀਆਂ ਦੀ ਜਵਾਬਤਲਬੀ ਕੀਤੀ ਜਾ ਸਕਦੀ ਹੈ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਨੇ ਕੇਸ
ਕਾਊਂਟਰ ਇੰਟੈਲੀਜੈਂਸ ਦੀ ਸਥਾਨਕ ਟੀਮ ਵੱਲੋਂ 77.8 ਕਿੱਲੋ ਹੈਰੋਇਨ ਸਣੇ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਸਪਲਾਈ ਦੇ ਕੁਝ ਕੇਸ ਦਰਜ ਹਨ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੀਰ ਸਿੰਘ ਉਰਫ਼ ਵੀਰੂ ਖ਼ਿਲਾਫ਼ ਥਾਣਾ ਸਦਰ ਵਿੱਚ ਸਾਲ 2022 ’ਚ 200 ਗ੍ਰਾਮ ਹੈਰੋਇਨ ਬਰਾਮਦਗੀ ਦਾ ਕੇਸ ਦਰਜ ਹੈ। ਇਸੇ ਤਰ੍ਹਾਂ ਮੁਲਜ਼ਮ ਗੱਗਾ ਗਿੱਲ ਉਰਫ਼ ਕਾਲੀ ਅਤੇ ਉਸ ਦੇ ਭਰਾ ਰਵਿੰਦਰ ਸਿੰਘ ਖ਼ਿਲਾਫ਼ ਪਿਛਲੇ ਸਾਲ ਪਹਿਲੀ ਮਾਰਚ ਨੂੰ ਥਾਣਾ ਸਦਰ ਫ਼ਿਰੋਜ਼ਪੁਰ ਵਿੱਚ 1.57 ਕਿੱਲੋ ਹੈਰੋਇਨ ਤੇ 50 ਹਜ਼ਾਰ ਰੁਪਏ ਡਰੱਗ ਮਨੀ ਦੀ ਬਰਾਮਦਗੀ ਦਾ ਕੇਸ ਦਰਜ ਹੋਇਆ ਸੀ, ਜਿਸ ਵਿੱਚ ਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਸੀ ਪਰ ਗੱਗਾ ਗਿੱਲ ਅਜੇ ਤੱਕ ਫ਼ਰਾਰ ਚੱਲ ਰਿਹਾ ਸੀ। ਗੱਗਾ ਗਿੱਲ ਦੇ ਦੂਜੇ ਭਰਾ ਵਿਕਰਮ ਤੇ ਪਿਤਾ ਟੇਕ ਚੰਦ ਖ਼ਿਲਾਫ਼ ਵੀ 25 ਜਨਵਰੀ 2022 ਨੂੰ ਥਾਣਾ ਸਦਰ ਵਿੱਚ ਪੰਜ ਕਿੱਲੋ ਹੈਰੋਇਨ, ਇੱਕ ਪਿਸਤੌਲ, 25 ਰੌਂਦ ਅਤੇ 80 ਹਜ਼ਾਰ ਰੁਪਏ ਡਰੱਗ ਮਨੀ ਦਾ ਕੇਸ ਦਰਜ ਹੋਇਆ ਸੀ। Punjabi Akhar