ਅੰਮ੍ਰਿਤਸਰ, 1 ਜੁਲਾਈ
ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੇ ਵਿਅਕਤੀਆਂ ਨੂੰ ਵਿਦੇਸ਼ ਵਿੱਚ ਕਤਲ ਕੀਤੇ ਜਾਣ ਵਿਰੁੱਧ ਦਲ ਖ਼ਾਲਸਾ ਵੱਲੋਂ ਅੱਜ ਭਾਰਤੀ ਖੁਫੀਆ ਏਜੰਸੀ ਦੇ ਦਫ਼ਤਰ ਵੱਲ ਰੋਸ ਪ੍ਰਦਰਸ਼ਨ ਕਰਨ ਜਾਂਦੇ ਦਲ ਖ਼ਾਲਸਾ ਦੇ 86 ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਪਹਿਲਾਂ ਸਿੱਖ ਜਥੇਬੰਦੀ ਵੱਲੋਂ ਕੈਨੇਡਾ ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਜਰ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਾਏ ਗਏ। ਭੋਗ ਮਗਰੋਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ 100 ਨੌਜਵਾਨਾਂ ਦਾ ਇੱਕ ਜੱਥਾ ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਰਵਾਨਾ ਹੋਇਆ ਪਰ ਪੁਲੀਸ ਨੇ ਇਨ੍ਹਾਂ ਨੂੰ ਹੈਰੀਟੇਜ ਸਟ੍ਰੀਟ ਨੇਡ਼ੇ ਹੀ ਹਿਰਾਸਤ ਵਿੱਚ ਲੈ ਲਿਆ। ਖ਼਼ਬਰ ਲਿਖੇ ਜਾਣ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ। ਦਲ ਖਾਲਸਾ ਵੱਲੋਂ ਅੱਜ ਇੱਥੇ ਦਰਬਾਰ ਸਾਹਿਬ ਸਮੂਹ ਵਿੱਚ ਕੈਨੇਡਾ ’ਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਜਰ ਨਮਿਤ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਅਕਾਲ ਤਖਤ ਵੱਲੋਂ ਗਿਆਨੀ ਮਲਕੀਅਤ ਸਿੰਘ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਭਾਈ ਨਿੱਜਰ ਨੂੰ ਸ਼ਹੀਦ ਦਾ ਦਰਜਾ ਦਿੱਤਾ। ਇਸ ਮੌਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਭਾਰਤੀ ਸੁਰੱਖਿਆ ਅਦਾਰੇ ਖਾਲਿਸਤਾਨੀ ਸਿੱਖਾਂ ਨੂੰ ਦੁਨੀਆ ਭਰ ਵਿੱਚ ਲੁਕਵੇਂ ਅਤੇ ਗੈਰ-ਕਾਨੂੰਨੀ ਢੰਗ ਨਾਲ ਖਤਮ ਕਰ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।