ਕਿਸਾਨਾਂ ਅਤੇ ਕੱਚੇ ਅਧਿਆਪਕਾਂ ’ਤੇ ਹੋਏ ਤਸ਼ੱਦਦ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ ਨਿਖੇਧੀ ! ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਕੇ ਹੱਕ ਮੰਗਣ ਵਾਲੇ ਸੰਘਰਸ਼ੀ ਲੋਕਾਂ ਦੀਆਂ ਮੰਗਾਂ ਦਾ ਹੱਲ ਕਰੇ – ਵਰਿੰਦਰ ਮੋਮੀ

ਜਲਾਲਾਬਾਦ, 2 ਜੁਲਾਈ ( ਬਿਊਰੋ  ) – ਫਸਲਾਂ ਦੀ ਤਬਾਹੀ ਦੇ ਐਲਾਨੇ ਗਏ ਮੁਆਵਜੇ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸਮੇਤ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਭੁੱਚੋ ਖੁਰਦ ਵਿਖੇ ਸੰਕੇਤਕ ਤੌਰ ‘ਤੇ ਨੈਸ਼ਨਲ ਹਾਈਵੇ ਜਾਮ ਕਰਨ ਸਮੇਂ ਕਿਸਾਨਾਂ ’ਤੇ ਪੁਲਸ ਵੱਲੋਂ ਲਾਠੀਚਾਰਜ਼ ਕਰਨ ਅਤੇ ਸੰਗਰੂਰ ਵਿਖੇ ਆਪਣੇ ਪੱਕੇ ਰੁਜਗਾਰ ਦੀ ਮੰਗ ਲਈ ਰੋਸ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ’ਤੇ ਪੰਜਾਬ ਸਰਕਾਰ ਦੀ ਸ਼ਹਿ ’ਤੇ ਪੁਲਸ ਵੱਲੋਂ ਅੰਨ੍ਹੇਵਾਹ ਤਸ਼ੱਦਦ ਕਰਨ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਉਪਰੋਕਤ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੀ.ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਅਤੇ ਖਜਾਨਚੀ ਰੁਪਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸ਼ਾਂਤਮਾਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰਕੇ ਆਪਣੇ ਹੱਕ ਮੰਗਣ ਵਾਲੇ ਸੰਘਰਸ਼ੀ ਲੋਕਾਂ ਦੀ ਅਵਾਜ ਨੂੰ ਦਬਾਉਣ ਲਈ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨਾਂ ਚੇਤਾਵਨੀ ਦੇਣ ਤੋਂ ਇਹ ਜਾਬਰ ਪੁਲਸੀਆ ਕਾਰਵਾਈ ਕੀਤੀ ਗਈ ਹੈ। ਜਿਸਦੀ ਜੁੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਕਿਉਕਿ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪੂਰ ਅਮਨ ਸੰਘਰਸ਼ ਕਰਨਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਖੁਦ ਨੂੰ ਲੋਕ-ਹਿਤੈਸ਼ੀ ਕਹਾਉਣ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਦਾ ਫਰਕ ਹੈ ਕਿਉਕਿ ਸੱਤਾ ’ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਲੀਡਰਾਂ ਦਾ ਕਹਿਣਾ ਸੀ ਕਿ ਸਾਡੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕਿਸੇ ਵੀ ਵਰਗ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ-ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪਵੇਗੀ, ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਮਸਲਿਆਂ ਦਾ ਹੱਲ ਪਹਿਲ ਦੇ ਅਧਾਰ ’ਤੇ ਹੋਵੇਗਾ ਉਥੇ ਹੀ ਸਮੂਹ ਵਿਭਾਗਾਂ ’ਚ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਹਰ ਕੈਟਾਗਿਰੀ ਦੇ ਠੇਕਾ ਅਤੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਸੰਘਰਸ਼ ਕਰਦੇ ਲੋਕਾਂ ’ਤੇ ਪਾਣੀ ਦੀਆਂ ਬੁਛਾੜਾਂ ਅਤੇ ਡਾਂਗਾਂ ਨਹੀਂ ਵੱਜਣਗੀਆਂ ਅਤੇ ਪੱਗਾਂ ਅਤੇ ਚੁੰਨੀਆਂ ਨਹੀਂ ਲੱਥਣਗੀਆਂ ਅਤੇ ਆਮ ਲੋਕਾਂ ਦੀ ਸਰਕਾਰ, ਪਿੰਡਾਂ ਦੀਆਂ ਸੱਥਾਂ-ਮੁਹੱਲਿਆਂ ’ਚੋਂ ਚੱਲੇਗੀ ਅਤੇ ਲੋਕਾਂ ਦੇ ਮਸਲੇ ਮੀਟਿੰਗਾਂ ਰਾਹੀਂ ਹੱਲ ਕੀਤੇ ਜਾਣਗੇ, ਪਰ ਹੁਣ ਇਸਦੇ ਉਲਟ ਹੀ ਹੋ ਰਿਹਾ ਹੈ ਕਿਉਕਿ ਜਦੋਂ ਵੀ ਕਿਸੇ ਜਥੇਬੰਦੀ ਵੱਲੋੰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤਾ ਜਾਂਦਾ ਹੈ ਤਾਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਪਾਣੀ ਦੀਆਂ ਬੁਛਾੜਾਂ ਅਤੇ ਅੰਨ੍ਹੇਵਾਹ ਲਾਠੀਚਾਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਕੁਝ ਵੀ ਨਹੀਂ ਬਦਲਿਆ ਜੇ ਕੁਝ ਬਦਲਿਆ ਹੈ ਤਾਂ ਧਰਨਿਆਂ ਦਾ ਸਥਾਨ, ਵਿਧਾਇਕਾਂ ਦੇ ਚਿਹਰੇ ਅਤੇ ਪੱਗਾਂ ਦਾ ਰੰਗ ਹੀ ਬਦਲਿਆ ਹੈ ਅਤੇ ਲੋਕਾਂ ਦੇ ਹਿੱਤਾਂ ਲਈ ਚੱਲਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈਨ ਅੱਜ ਲੋਕ ਵਿਰੋਧੀ ਫੈਸਲਿਆਂ ਲਈ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਕੇ ਹੱਕ ਮੰਗਣ ਵਾਲੀਆਂ ਜੱਥੇਬੰਦੀਆਂ ਨਾਲ ਗੱਲਬਾਤ ਰਾਹੀ ਮਸਲਿਆਂ ਦਾ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹੱਕ ਮੰਗਣ ਵਾਲੇ ਸੰਘਰਸ਼ਸ਼ੀਲ ਲੋਕਾਂ ਦੀ ਅਵਾਜ ਨੂੰ ਡੰਡੇ ਦੇ ਜੋਰ ਨਾਲ ਦਬਾਇਆ ਨਹੀਂ ਜਾ ਸਕਦਾ ਹੈ। ਇਸ ਲਈ ਸਾਡੀ ਪੂਰਜੋਰ ਮੰਗ ਹੈ ਕਿ ਸੰਘਰਸ਼ ਕਰਦੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਰਾਹੀ ਮੰਗਾਂ-ਮਸਲਿਆਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਕਿਸਾਨ ਅਤੇ ਕੱਚੇ ਅਧਿਆਪਕਾਂ ਦੇ ਸੰਘਰਸ਼ ਵਿਚ ਸਾਡੀ ਯੂਨੀਅਨ ਵੱਲੋਂ ਵੀ ਪੂਰਨ ਹਮਾਇਤ ਕੀਤੀ ਜਾਵੇਗੀ।
ਜਾਰੀ ਕਰਤਾ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31)
ਸੂਬਾ ਪ੍ਰੈਸ ਸਕੱਤਰ, ਸਤਨਾਮ ਸਿੰਘ ਫਲੀਆਂਵਾਲਾ
ਮੋਬਾਇਲ-98783-22501

Leave a Comment

[democracy id="1"]

You May Like This