ਜਲ ਸਪਲਾਈ ਵਿਭਾਗ ਦੇ ਵਰਕਰਾਂ ਦੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਵਾਲੀ ਪਾਲਸੀ ਤੁਰੰਤ ਬਣਾਈ ਜਾਵੇ –
ਪਟਿਆਲਾ, 10 ਜੂਨ ( ਬਿਊਰੋ ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਫੀਲਡ ਅਤੇ ਦਫਤਰਾਂ ’ਚ 10-15 ਸਾਲਾਂ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ ਤੇ ਆਊਟਸੋਰਸ ਮੁਲਾਜਮਾਂ ਨੂੰ ਵਿਭਾਗ ’ਚ ਮਰਜ ਕਰਕੇ ਰੈਗੂਲਰ ਕਰਨ ਦੀ ਮੰਗ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਅਗੁਵਾਈ ਹੇਠ 12 ਜੂਨ ਨੂੰ ਮੁੱਖ ਦਫਤਰ ਪਟਿਆਲਾ ਅੱਗੇ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨਾ ਦੀ ਹਮਾਇਤ ਕਰਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੀਤਾ ਗਿਆ ਹੈ।
ਅੱਜ ਇਥੇ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਜਸਵਿੰਦਰ ਸਿੰਘ ਬਰਾਸ ਪ੍ਰਧਾਨ ਅਤੇ ਸੁਖਮਿੰਦਰ ਸਿੰਘ ਬਾਰਨ ਸਕੱਤਰ ਵਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਖੂਨ ਪਸੀਨੇ ਦੀ ਮਿਹਨਤ ਨਾਲ 1953 ਵਿਚ ਉਸਾਰੇ ਗਏ ਸਰਕਾਰੀ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦਾ ਪੰਚਾਇਤੀਕਰਨ ਦੇ ਨਾਂਅ ਤੇ ਨਿੱਜੀਕਰਨ ਕਰਨ ਲਈ, ਇਜਰਾਇਲ ਦੇਸ਼ ਦੀਆਂ ਨੀਤੀਆਂ ਤਹਿਤ ਕਾਰਪੋਰੇਟ ਘਰਾਣਿਆਂ ਕੋਲ ਲੁੱਟ ਕਰਵਾਉਣ ਲਈ ਸਮਝੌਤਾ ਕੀਤਾ ਰਿਹਾ ਹੈ, ਜਿਸ ਤਹਿਤ ਇਜਰਾਇਲ ਦੇਸ਼ ਦੀਆਂ ਕੰਪਨੀਆਂ ਦੇ ਪ੍ਰੋਜੈਕਟ ਲਗਾ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਹਿੰਗਾ ਵੇਚਿਆ ਜਾਵੇਗਾ , ਜਿਸ ਤਰ੍ਹਾਂ ਇਜਰਾਈਲ ਦੇਸ ਆਪਣੇ ਲੋਕਾਂ ਨੂੰ ਬੋਤਲ ਵਾਲਾ ਪਾਣੀ ਵੇਚਦਾ ਹੈ। ਇਸਦੇ ਇਲਾਵਾ ਲੋਕਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਬਹਾਨੇ ਨਾਲ ਪ੍ਰਾਇਵੇਟ ਕੰਪਨੀਆਂ ਦੇ ਸਹਿਯੋਗ ਨਾਲ ਬਲਾਕ ਪੱਧਰੀ ਮੈਗਾ ਪ੍ਰੋਜੈਕਟ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਹ ਪ੍ਰੋਜੈਕਟ ਵੀ ਨਿੱਜੀਕਰਨ ਦੀ ਪਾਲਸੀ ਹੈ ਕਿਉਕਿ ਇਹ ਪ੍ਰੋਜੈਕਟ ਨੂੰ ਚਲਾਉਣ ਲਈ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾਵੇਗਾ। ਇਸਦੇ ਬਾਅਦ ਵਿਭਾਗ ਦਾ ਨਿੱਜੀਕਰਨ ਕਰਨ ਵਾਲੀਆਂ ਮਾਰੂ ਨੀਤੀਆਂ ਲਾਗੂ ਹੋਣ ਨਾਲ ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਹਿੰਗੇ ਮੁੱਲ ਵਿਚ ਮਿਲੇਗਾ ਉਥੇ ਵਿਭਾਗ ’ਚ ਪਿਛਲੇ ਸਾਲਾਂਬੱਧੀ ਅਰਸੇ ਤੋਂ ਕੰਮ ਕਰਦੇ ਹਜਾਰਾਂ ਇਨਲਿਸਟਮੈਂਟ ਅਤੇ ਆਉਟਸੋਰਸ ਮੁਲਾਜਮਾਂ ਦੇ ਕੱਚੇ-ਪਿੱਲੇ ਰੁਜਾਗਰ ਨੂੰ ਖੋਹਣ ਦੀਆਂ ਮਾਰੂ ਨੀਤੀਆਂ ਹਨ, ਜਿਸ ਨਾਲ ਆਪਣੀ ਜਿੰਦਗੀ ਦੇ ਦਿਨ ਠੇਕਾ ਪ੍ਰਣਾਲੀ ਅਧੀਨ ਲਗਾ ਚੁੱਕੇ ਇਹ ਵਰਕਰ ਬੇਰੁਜਗਾਰ ਹੋ ਜਾਣਗੇ,। ਇਸੇ ਮਕਸਦ ਲਈ ਹੀ ਸਰਕਾਰ ਦੀਆਂ ਕਾਰਪੋਰੇਟਰਾਂ ਦੇ ਹਿੱਤਾਂ ਵਾਲੀਆਂ ਨੀਤੀਆਂ ਲਾਗੂ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ.ਓ.ਡੀ. ਦੇ ਆਦੇਸ਼ਾਂ ਤਹਿਤ ਵਿਭਾਗੀ ਅਧਿਕਾਰੀਆਂ ਦੀ ਬਣੀ ਸਬ ਕਮੇਟੀ ਵਲੋਂ ਇਨ੍ਹਾਂ ਠੇਕਾ ਵਰਕਰਾਂ ਦੇ ਕੱਚੇ-ਪਿੱਲੇ ਰੁਜਗਾਰ ਨੂੰ ਪੱਕਾ ਕਰਨ ਵਾਲੀ ਪ੍ਰਪੋਜਲ ਨੂੰ ਤਿਆਰ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਵਿੱਚ ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਸਮੂਹ ਕੈਟਾਗਿਰੀਆਂ ਦੇ ਵਰਕਰਾਂ ਨੂੰ ਵਿਭਾਗ ’ਚ ਤਜਰਬੇ ਦੇ ਅਧਾਰ ’ਤੇ ਰੈਗੂਲਰ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਵਾਲੀ ਪਾਲਸੀ ਤਿਆਰ ਕਰਕੇ ਤੁਰੰਤ ਸਰਕਾਰ ਕੋਲ ਅਗਲੀ ਕਾਰਵਾਈ ਲਈ ਭੇਜੀ ਜਾਵੇ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ ਮਿਤੀ 12 ਜੂਨ 2023 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਅੱਗੇ ਪਰਿਵਾਰਾਂ ਅਤੇ ਬੱਚਿਆ ਸਮੇਤ ਸੂਬਾ ਪੱਧਰੀ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਸਾਡੀ ਜਥੇਬੰਦੀ ਦੇ ਵਰਕਰ ਭਰਵੀ ਸ਼ਮੂਲੀਅਤ ਕਰਨਗੇ। ਇਨ੍ਹਾਂ ਆਗੂਆਂ ਤੋਂ ਇਲਾਵਾ ਜਿਲ੍ਹੇ ਦੇ ਆਗੂ ਜਗਦੀਪ ਸਿੰਘ ਛੰਨਾਂ,ਬਲਰਾਜ ਜੋਸ਼ੀ, ਹਰਦੇਵ ਸਿੰਘ ਘੱਗਾ, ਜਗਮੇਲ ਸਿੰਘ ਗਾਜੇਵਾਸ, ਬਲਵੰਤ ਸਿੰਘ ਅਗੇਤਾ ਵੀ ਇਸ ਸ਼ੰਘਰਸ਼ ਵਿੱਚ ਸ਼ਾਮਿਲ ਹੋਣਗੇ।

