ਐੱਨਡੀਆਰਐੱਫ ਵੱਲੋਂ ਬਚਾਅ ਕਾਰਜ ਜਾਰੀ; ਮੈਜਿਸਟ੍ਰੇਟ ਜਾਂਚ ਦੇ ਹੁਕਮ
ਲੁਧਿਆਣਾ, 9 ਮਾਰਚ ( ਪੰਜਾਬੀ ਅੱਖਰ / ਬਿਊਰੋ ) :- ਸ਼ਹਿਰ ਦੇ ਫੋਕਲ ਪੁਆਇੰਟ ਫੇਜ਼ 8 ਵਿੱਚ ਡਾਇੰਗ ਫੈਕਟਰੀ ਦੀ ਇਮਾਰਤ ਡਿੱਗਣ ਮਗਰੋਂ ਮਲਬੇ ਹੇਠ ਦਬਣ ਕਾਰਨ ਹੁਣ ਤੱਕ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਿਆ ਹੈ। ਕਰੀਬ 24 ਘੰਟੇ ਬਾਅਦ ਹਾਲੇ ਵੀ ਇੱਕ ਮਜ਼ਦੂਰ ਮਲਬੇ ਹੇਠ ਦੱਬਿਆ ਹੋਇਆ ਹੈ, ਜਿਸ ਨੂੰ ਲੱਭਣ ਲਈ ਬਚਾਅ ਕਾਰਜ ਹਾਲੇ ਵੀ ਜਾਰੀ ਹਨ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਰਾਸ਼ਟਰੀ ਆਫਤ ਪ੍ਰਤੀਕਿਰਿਆ ਫੋਰਸ (ਐੱਨਡੀਆਰਐੱਫ) ਦੀਆਂ ਤਿੰਨ ਟੀਮਾਂ, ਸਥਾਨਕ ਪੁਲੀਸ, ਫਾਇਰ ਬ੍ਰਿਗੇਡ, ਨਗਰ ਨਿਗਮ ਅਤੇ ਫੈਕਟਰੀ ਵਿਭਾਗਾਂ ਦੇ ਨਾਲ, ਪਿਛਲੇ 24 ਘੰਟਿਆਂ ਤੋਂ ਮੌਕੇ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਚਾਰ ਮਜ਼ਦੂਰਾਂ ਨੂੰ ਬਚਾਇਆ ਹੈ, ਜੋ ਸੁਰੱਖਿਅਤ ਸਨ। ਹਾਲਾਂਕਿ ਭਾਰੀ ਮਲਬੇ ਕਾਰਨ ਫਸੇ ਹੋਏ ਮਜ਼ਦੂਰ ਤੱਕ ਪਹੁੰਚਣ ਲਈ ਬਚਾਅ ਟੀਮਾਂ ਨੂੰ ਹੱਥੀਂ ਉਪਕਰਣਾਂ ਦੀ ਵਰਤੋਂ ਕਰਕੇ ਇਸ ਨੂੰ ਧਿਆਨ ਨਾਲ ਹਟਾਉਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਦੱਸਿਆ ਕਿ ਐੱਸਡੀਐੱਮ ਪੂਰਬੀ ਦੀ ਅਗਵਾਈ ਵਿੱਚ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਪੁਲੀਸ ਨੇ ਚਾਰ ਵਿਅਕਤੀਆਂ ਵਿਰੁੱਧ ਐੱਫਆਈਆਰ ਵੀ ਦਰਜ ਕੀਤੀ ਹੈ। ਸਰਕਾਰ ਜ਼ਖ਼ਮੀ ਕਾਮਿਆਂ ਦਾ ਡਾਕਟਰੀ ਖਰਚਾ ਚੁੱਕੇਗੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ।