ਪੰਜਾਬ ਵਿਧਾਨ ਸਭਾ ’ਚ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਹੰਗਾਮਾ

ਵਿਰੋਧੀ ਧਿਰ ਦੇ ਨੇਤਾ ਵੱਲੋਂ ‘ਪਾਰਟੀ ਫੰਡ’ ਘਪਲੇ ਦੀ ਜਾਂਚ ਲਈ ਜੁਡੀਸ਼ਲ ਜਾਂ ਸਦਨ ਦੀ ਕਮੇਟੀ ਬਣਾਉਣ ਦੀ ਮੰਗ

ਚੰਡੀਗੜ੍ਹ, 25 ਫਰਵਰੀ :- ( ਪੰਜਾਬੀ ਅੱਖਰ / ਬਿਊਰੋ ) ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖ਼ਰੀ ਦਿਨ ਅੱਜ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੱਤਾਧਾਰੀ ਧਿਰ ’ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹੰਗਾਮਾ ਹੋ ਗਿਆ। ਸ੍ਰੀ ਬਾਜਵਾ ਨੇ ਤਹਿਸੀਲਾਂ ’ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਖਣਨ ਦੇ ਮੁੱਦੇ ਵੀ ਚੁੱਕੇ। ਉਨ੍ਹਾਂ ਸਦਨ ’ਚ ਜਦੋਂ ‘ਪਾਰਟੀ ਫੰਡ’ ਦਾ ਮਾਮਲਾ ਚੁੱਕਿਆ ਤਾਂ ਰੌਲਾ ਪੈ ਗਿਆ ਹੈ। ਇੱਕ ਵਾਰ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਮੰਤਰੀ ਹਰਭਜਨ ਸਿੰਘ ਈਟੀਓ ਆਹਮੋ-ਸਾਹਮਣੇ ਹੋ ਗਏ। ਕੈਬਨਿਟ ਮੰਤਰੀ ਅਮਨ ਅਰੋੜਾ ਸਦਨ ’ਚ ‘ਪਾਰਟੀ ਫੰਡ’ ਮਾਮਲੇ ’ਤੇ ਸ੍ਰੀ ਈਟੀਓ ਦੀ ਪਿੱਠ ’ਤੇ ਡਟ ਗਏ। ਅੱਜ ਜਿਉਂ ਹੀ ਸਿਫ਼ਰ ਕਾਲ ਸ਼ੁਰੂ ਹੋਇਆ ਤਾਂ ਪ੍ਰਤਾਪ ਬਾਜਵਾ ਨੇ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ ‘ਪਾਰਟੀ ਫੰਡ’ ਘਪਲੇ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਸਦਨ ’ਚ ਇਸ ਮਾਮਲੇ ਦੀ ਜੁਡੀਸ਼ਲ ਜਾਂ ਸਦਨ ਦੀ ਕਮੇਟੀ ਬਣਾ ਕੇ ਜਾਂਚ ਦੀ ਮੰਗ ਕੀਤੀ।

ਉਨ੍ਹਾਂ ਵਿਜੀਲੈਂਸ ਰਿਪੋਰਟ ਦੇ ਹਵਾਲੇ ਨਾਲ ਤਹਿਸੀਲਾਂ ’ਚ ਤਾਇਨਾਤ ਚਾਰ ਦਰਜਨ ਮਾਲ ਅਫ਼ਸਰਾਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ। ਇਸ ਮਗਰੋਂ ਸਦਨ ’ਚ ਹੰਗਾਮਾ ਹੋ ਗਿਆ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਾਹੌਲ ਸ਼ਾਂਤ ਕਰਨ ਵਾਸਤੇ ਵਾਰ-ਵਾਰ ਦਖ਼ਲ ਦੇਣਾ ਪਿਆ। ਮੰਤਰੀ ਈਟੀਓ ਨੇ ਇਨ੍ਹਾਂ ਦੋਸ਼ਾਂ ਦੇ ਜਵਾਬ ’ਚ ਕਿਹਾ ਕਿ ਜਦੋਂ ਸ੍ਰੀ ਬਾਜਵਾ ਲੋਕ ਨਿਰਮਾਣ ਮੰਤਰੀ ਸਨ ਤਾਂ ਉਦੋਂ 28 ਅਧਿਕਾਰੀ ਲੁੱਕ ਘਪਲੇ ’ਚ ਫੜੇ ਗਏ ਸਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇੰਜਨੀਅਰਜ਼ ਐਸੋਸੀਏਸ਼ਨ ਵਿਜੀਲੈਂਸ ਕੋਲ ਕਿਉਂ ਨਹੀਂ ਜਾਂਦੀ। ਤਲਖ਼ੀ ਘਟਣ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ‘ਪਾਰਟੀ ਫੰਡ’ ਹੋ ਸਕਦਾ ਹੈ ਕਿ ਕਿਸੇ ਵੀ ਸੇਵਾਮੁਕਤੀ ਵਾਸਤੇ ਹੋਵੇ। ਇੱਕ ਮਿਸਾਲ ਨਾਲ ਅਮਨ ਅਰੋੜਾ ਨੇ ਬਿਜਲੀ ਮੰਤਰੀ ਨੂੰ ਇਮਾਨਦਾਰ ਸ਼ਖ਼ਸ ਦੱਸਿਆ। ਉਂਜ, ਉਨ੍ਹਾਂ ਨੇ ਸਦਨ ਦੀ ਕਮੇਟੀ ਬਣਾਉਣ ਲਈ ਵੀ ਖੁੱਲ੍ਹਦਿਲੀ ਦਿਖਾਈ। ਸਿਫ਼ਰ ਕਾਲ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਨੇ ਐਲਾਨ ਕੀਤਾ ਕਿ ਡਿਪੋਰਟ ਹੋ ਕੇ ਆਏ 12 ਨੌਜਵਾਨਾਂ ਨੂੰ ਉਹ ਪੱਲਿਓਂ ਪੰਜਾਹ-ਪੰਜਾਹ ਹਜ਼ਾਰ ਦੀ ਮਦਦ ਦੇਣਗੇ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਸੂਬੇ ਵਿੱਚ ਲੋਕ ਰਾਜ ਦੀ ਥਾਂ ਪੁਲੀਸ ਰਾਜ ਆ ਗਿਆ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖਣਨ ਦੇ ਮਾਮਲੇ ’ਤੇ ਸਫ਼ਾਈ ਦਿੱਤੀ। ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਏਰੀਅਰ ਦੇਣ ਲਈ ਸਮਾਂ-ਸੀਮਾ ਘਟਾਉਣ ਦੀ ਮੰਗ ਕੀਤੀ।

ਬੁੱਧ ਰਾਮ ਨੇ ਚੁੱਕਿਆ ‘ਗੈਸਟ ਫੈਕਲਟੀ’ ਦਾ ਮੁੱਦਾ

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਾਲਜਾਂ ਵਿੱਚ ਕੰਮ ਕਰਦੇ ਗੈੱਸਟ ਫੈਕਲਟੀ ਸਟਾਫ ਦੀਆਂ ਸੇਵਾਵਾਂ ਸੁਰੱਖਿਅਤ ਰੱਖਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ 1158 ਲੈਕਚਰਾਰਾਂ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ ਤੇ ਨਵੀਂ ਭਰਤੀ ਵੇਲੇ ਇਨ੍ਹਾਂ ਗੈੱਸਟ ਫੈਕਲਟੀ ਅਤੇ ਐਡਹਾਕ ਸਟਾਫ ਦੀਆਂ ਸੇਵਾਵਾਂ ਬਹਾਲ ਰੱਖੀਆਂ ਜਾਣ।

ਸਦਨ ’ਚ ਹੀ ਅਫ਼ਸਰ ਦੀ ਮੁਅੱਤਲੀ ਦੇ ਹੁਕਮ ਸੌਂਪੇ

ਸਿਫ਼ਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਗੁਰਦਾਸਪੁਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਲਜੀਤ ਸਿੰਘ (ਵਾਧੂ ਚਾਰਜ) ਵੱਲੋਂ ਕੀਤੇ ਘਪਲਿਆਂ ਦੀ ਜਾਂਚ ਮਗਰੋਂ ਕੋਈ ਕਾਰਵਾਈ ਨਾ ਹੋਣ ਦੀ ਗੱਲ ਸਦਨ ਵਿੱਚ ਰੱਖੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਕਮੇਟੀ ਨੂੰ ਵੀ ਇਸ ਅਫ਼ਸਰ ਨੇ ਗੁਮਰਾਹ ਕੀਤਾ। ਮੰਤਰੀ ਅਮਨ ਅਰੋੜਾ ਨੇ ਪੰਚਾਇਤ ਮੰਤਰੀ ਤਰੁਨਪ੍ਰੀਤ ਸੌਂਦ ਨੂੰ ਅਜਿਹੇ ਅਫ਼ਸਰ ਖ਼ਿਲਾਫ਼ ਕਾਰਵਾਈ ਲਈ ਕਿਹਾ। ਕੁੱਝ ਸਮੇਂ ਮਗਰੋਂ ਹੀ ਸ੍ਰੀ ਅਰੋੜਾ ਨੇ ਬੀਡੀਪੀਓ ਦੀ ਮੁਅੱਤਲੀ ਵਾਲੇ ਹੁਕਮ ਸਦਨ ’ਚ ਹੀ ਸ੍ਰੀ ਪਾਹੜਾ ਨੂੰ ਸੌਂਪ ਦਿੱਤੇ।

Leave a Comment

[democracy id="1"]