ਗਲੇਸ਼ੀਅਰਾਂ ਦੀ ਸੰਭਾਲ ਲਈ ਭਾਰਤ ਅੱਗੇ ਆਏ: ਸੋਨਮ ਵਾਂਗਚੁਕ

ਵਾਤਾਵਰਣ ਕਾਰਕੁਨ ਵੱਲੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ

ਨਵੀਂ ਦਿੱਲੀ, 25 ਫਰਵਰੀ ( ਪੰਜਾਬੀ ਅੱਖਰ / ਬਿਊਰੋ ) :- ਅਮਰੀਕਾ ਦੀ ਯਾਤਰਾ ਤੋਂ ਪਰਤੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਿਘਲ ਰਹੇ ਗਲੇਸ਼ੀਅਰਾਂ ਦਾ ਮਸਲਾ ਸੁਲਝਾਉਣ ਦੀ ਦਿਸ਼ਾ ’ਚ ਅੱਗੇ ਆਉਣਾ ਚਾਹੀਦਾ ਹੈ।

ਹਿਮਾਲਿਆ ’ਚ ਸਥਿਤੀ ਦੀ ਗੰਭੀਰਤਾ ਵੱਲ ਧਿਆਨ ਦਿਵਾਉਂਦਿਆਂ ਵਾਂਗਚੁਕ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜੇ ਇਨ੍ਹਾਂ ਗਲੇਸ਼ੀਅਰਾਂ, ਜੋ ਸਾਡੀਆਂ ਨਦੀਆਂ ਲਈ ਪਾਣੀ ਦਾ ਸਰੋਤ ਹਨ, ਦੀ ਸੰਭਾਲ ਲਈ ਕਦਮ ਨਾ ਚੁੱਕੇ ਤਾਂ 144 ਸਾਲਾਂ ਬਾਅਦ ਸੰਭਵ ਹੈ ਕਿ ਮਹਾਂਕੁੰਭ ਰੇਤ ’ਚ ਹੀ ਕਰਾਉਣਾ ਪਵੇਗਾ ਕਿਉਂਕਿ ਨਦੀਆਂ ਸੁੱਕ ਸਕਦੀਆਂ ਹਨ। ਹਿਮਾਲਿਆ ਦੇ ਗਲੇਸ਼ੀਅਰਾਂ ਦੀ ਸੰਭਾਲ ’ਤੇ ਕੰਮ ਕਰ ਰਹੇ ਵਾਂਗਚੁਕ ਖਰਦੁੰਗਲਾ ਦੇ ਗਲੇਸ਼ੀਅਰ ਤੋਂ ਬਰਫ ਦਾ ਟੁਕੜਾ ਲੈ ਕੇ ਲੱਦਾਖ ਤੋਂ ਦਿੱਲੀ ਤੇ ਫਿਰ ਅਮਰੀਕਾ ਗਏ। ਬਰਫ ਨੂੰ ਸੰਭਾਲ ਲਈ ਲੱਦਾਖ ਦੀ ਮਸ਼ਹੂਰ ਪਸ਼ਮੀਨਾ ਉੱਨ ’ਚ ਲਪੇਟੇ ਕੰਟੇਨਰ ’ਚ ਰੱਖਿਆ ਗਿਆ ਸੀ।

ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ ’ਚ ਵਾਂਗਚੁਕ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਗਲੇਸ਼ੀਅਰ ਦੀ ਸੰਭਾਲ ’ਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਆਰਕਟਿਕ ਤੇ ਅੰਟਾਰਕਟਿਕ ਤੋਂ ਬਾਅਦ ਹਿਮਾਲਿਆ ’ਚ ਧਰਤੀ ’ਤੇ ਬਰਫ ਦਾ ਸਭ ਤੋਂ ਵੱਡਾ ਭੰਡਾਰ ਹੈ।

ਵਾਂਗਚੁਕ ਨੇ ਕਿਹਾ, ‘ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਹਿਮਾਲਿਆ ਦੇ ਗਲੇਸ਼ੀਅਰ ਬਹੁਤ ਤੇਜ਼ੀ ਨਾਲ ਪਿਘਲ ਰਹੇ ਹਨ। ਜੇ ਇਹ ਇਸੇ ਤਰ੍ਹਾਂ ਪਿਘਲਦੇ ਰਹੇ ਤੇ ਇਸ ਦੇ ਨਾਲ ਜੰਗਲਾਂ ਦੀ ਕਟਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਕੁਝ ਦਹਾਕਿਆਂ ’ਚ ਗੰਗਾ, ਬ੍ਰਹਮਪੁਤਰ ਤੇ ਸਿੰਧੂ ਜਿਹੀਆਂ ਨਦੀਆਂ ਮੌਸਮੀ ਨਦੀਆਂ ਬਣ ਸਕਦੀਆਂ ਹਨ।’

Leave a Comment

[democracy id="1"]