ਕੇਂਦਰ ਸਰਕਾਰ ਨੂੰ ਡਿਪੋਰਟ ਕਰਨ ਵਾਲਿਆਂ ਦੇ ਅੰਮ੍ਰਿਤਸਰ ਦੀ ਥਾਂ ਭਾਰਤ ਦੇ ਹੋਰ ਹਵਾਈ ਅੱਡਿਆਂ ’ਤੇ ਜਹਾਜ਼ ਉਤਾਰਨ ਦੀ ਅਪੀਲ; ਜੇ ਅੰਮ੍ਰਿਤਸਰ ਹਵਾਈ ਅੱਡਾ ਨਜ਼ਦੀਕ ਪੈਂਦਾ ਹੈ ਤਾਂ ਇੱਥੋਂ ਅਮਰੀਕਾ ਤੇ ਕੈਨੇਡਾ ਵੱਲ ਸਿੱਧੀਆਂ ਉਡਾਣਾਂ ਸ਼ੁਰੂ ਕਿਉਂ ਨਾ ਕੀਤੀਆਂ; ਮੁੱਖ ਮੰਤਰੀ ਨੇ ਭਾਜਪਾ ਆਗੂ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕੇਂਦਰ ਨੂੰ ਕੀਤੇ ਸਵਾਲ
ਅੰਮ੍ਰਿਤਸਰ, 15 ਫਰਵਰੀ ( ਪੰਜਾਬੀ ਅੱਖਰ / ਬਿਊਰੋ ) :- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਥਾਂ ’ਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ। ਉਨ੍ਹਾਂ ਸਪਸ਼ਟ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ ,ਇਹ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ।
ਹਵਾਈ ਅੱਡੇ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਅਮਰੀਕਾ ਦੇ ਜਹਾਜ਼ ਵਿੱਚ 67 ਵਿਅਕਤੀ ਪੰਜਾਬ ਦੇ ਵਾਸੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵੇਰਵੇ ਜਾਂਚ ਲਏ ਗਏ ਹਨ ਅਤੇ ਇਹ ਸਾਰੇ ਹੀ ਬਿਨਾਂ ਅਪਰਾਧਕ ਪਿਛੋਕੜ ਵਾਲੇ ਹਨ। ਇਨ੍ਹਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਜੇਕਰ ਵਾਪਸ ਪਰਤੇ ਵਿਅਕਤੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁਣਗੇ ਤਾਂ ਇਸ ਵਾਸਤੇ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਬਾਕੀ ਸਾਰੇ ਪਰਤ ਰਹੇ ਪਰਵਾਸੀ ਭਾਰਤੀਆਂ ਵਾਸਤੇ ਵੀ ਹਵਾਈ ਅੱਡੇ ਵਿਖੇ ਲੰਗਰ ਅਤੇ ਕੁਝ ਦੇਰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਪਰਤ ਰਹੇ ਭਾਰਤੀਆਂ ਨੂੰ ਛੱਡ ਕੇ ਬਾਕੀ ਹੋਰਨਾਂ ਸੂਬਿਆਂ ਦੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ ਹੀ ਰੱਖਿਆ ਜਾਵੇਗਾ ਅਤੇ ਸਵੇਰੇ 6 ਵਜੇ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਉਡਾਨ ਰਾਹੀ ਦਿੱਲੀ ਲਿਜਾਇਆ ਜਾਵੇਗਾ, ਜਿੱਥੋਂ ਅਗਾਹ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਇੱਕ ਵਾਰ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਨ ਦੀ ਥਾਂ ਦੇਸ਼ ਦੇ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਜਾਵੇ। ਉਨ੍ਹਾਂ ਭਾਜਪਾ ਆਗੂ ਆਰਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਜੇਕਰ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਕੋਈ ਵੈਟੀਕਨ ਸਿਟੀ ਦਾ ਨਾਗਰਿਕ ਹੋਵੇਗਾ ਤਾਂ ਕੀ ਉੱਥੇ ਹਵਾਈ ਜਹਾਜ਼ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ। ਅੰਮ੍ਰਿਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲੇ ਵਿਅਕਤੀਆਂ ਕੋਲੋਂ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਅਜਿਹੇ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵਾਪਸ ਪਰਤੇ ਪੰਜਾਬੀਆਂ ਦੀ ਸ਼ਿਕਾਇਤ ’ਤੇ ਏਜੰਟਾਂ ਖਿਲਾਫ ਕੇਸ ਦਰਜ ਕਰ ਚੁੱਕੀ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲਿਆਂ ਕੋਲੋਂ ਉਨ੍ਹਾਂ ਦੀ ਯੋਗਤਾ ਤਜਰਬਾ ਤੇ ਰੁਚੀ ਆਦਿ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਢੁਕਵੇ ਪ੍ਰਬੰਧ ਕਰਨ ਦਾ ਯਤਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਮਰੀਕਾ ਦਾ ਜਹਾਜ਼ ਰਾਤ ਲਗਪਗ 10 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇਗਾ ਉਹ ਵਾਪਸ ਪਰਤਣ ਵਾਲੇ ਸਮੂਹ ਭਾਰਤੀਆਂ ਦਾ ਸਵਾਗਤ ਕਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਵਾਪਸ ਪਰਤ ਰਹੇ ਭਾਰਤੀਆਂ ਨੂੰ ਪਹਿਲਾਂ ਵਾਂਗ ਹੀ ਹੱਥਕੜੀਆਂ ਅਤੇ ਬੇੜੀਆਂ ਲਾਈਆਂ ਹੋਈਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਅਤੇ ਵਾਪਸ ਪਰਤ ਰਹੇ ਭਾਰਤੀਆਂ ਵਾਸਤੇ ਆਪਣੇ ਦੇਸ਼ ਤੋਂ ਵਿਸ਼ੇਸ਼ ਜਹਾਜ਼ ਭੇਜ ਕੇ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਸੀ। ਭਾਵੇਂ ਵਾਪਸ ਭੇਜੇ ਜਾ ਰਹੇ ਭਾਰਤੀਆਂ ਕੋਲੋਂ ਗਲਤੀ ਹੋਈ ਹੈ ਪਰ ਉਹ ਅਪਰਾਧੀ ਨਹੀਂ ਹਨ। ਉਹ ਸਿਸਟਮ ਤੋਂ ਖਫਾ ਹੋ ਕੇ ਵਿਦੇਸ਼ ਗਏ ਸਨ। ਵਾਪਸ ਪਰਤ ਰਹੇ ਪਰਵਾਸੀ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਮਿਲਣ ਪੁੱਜ ਰਹੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਆਮਦ ਬਾਰੇ ਉਨ੍ਹਾਂ ਵਿਅੰਗਮਈ ਢੰਗ ਨਾਲ ਆਖਿਆ ਕਿ ਰੇਲ ਮੰਤਰੀ ਨੇ ਹਵਾਈ ਅੱਡੇ ’ਤੇ ਕੀ ਕਰਨਾ ਹੈ, ਉਨ੍ਹਾਂ ਨੂੰ ਰੇਲ ਵਿਭਾਗ ਦੇ ਕੰਮ ਨੂੰ ਦੇਖਣਾ ਚਾਹੀਦਾ ਹੈ।