ਨਵੀਂ ਦਿੱਲੀ, 13 ਫਰਵਰੀ ( ਪੰਜਾਬੀ ਅੱਖਰ / ਬਿਊਰੋ ) :- ਕਾਂਗਰਸ ਨੇ ਅੱਜ ਕਿਹਾ ਕਿ ਉਹ ਹਿੰਸਾ ਦੇ ਝੰਬੇ ਮਨੀਪੁਰ ਵਿਚ ਪਿਛਲੇ 20 ਮਹੀਨਿਆਂ ਤੋਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੀ ਸੀ, ਪਰ ਕੇਂਦਰ ਸਰਕਾਰ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਸੂਬੇ ਦੇ ਸਮਾਜਿਕ ਤਾਣੇ ਬਾਣੇ ਨੂੰ ਵੱਡਾ ਨੁਕਸਾਨ ਪਹੁੰਚ ਚੁੱਕਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਰਤੀ ਨੈਸ਼ਨਲ ਕਾਂਗਰਸ ਵੱਲੋਂ ਪਿਛਲੇ 20 ਮਹੀਨਿਆਂ ਤੋਂ ਕੀਤੀ ਜਾ ਰਹੀ ਮੰਗ ਅਖੀਰ ਪੂਰੀ ਹੋਈ। ਮਨੀਪੁਰ ਵਿਚ ਰਾਸ਼ਟਰਪਤੀ ਰਾਜ ਲੱਗਾ।’’
ਰਮੇਸ਼ ਨੇ ਕਿਹਾ, ‘‘ਇਹ ਕਦਮ ਸੁਪਰੀਮ ਕੋਰਟ ਦੀ ਉਸ ਟਿੱਪਣੀ ਮਗਰੋਂ ਚੁੱਕਿਆ ਗਿਆ ਜਿਸ ਵਿਚ ਕਿਹਾ ਗਿਆ ਸੀ ਕਿ ਸੂਬੇ ਦੀ ਸੰਵਿਧਾਨਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ। 3 ਮਈ 2023 ਤੋਂ ਹੁਣ ਤੱਕ 300 ਤੋਂ ਵੱਧ ਲੋਕ ਮਾਰੇ ਗਏ। 60,000 ਤੋਂ ਵੱਧ ਪੁਰਸ਼, ਮਹਿਲਾਵਾਂ ਤੇ ਬੱਚੇ ਘਰੋਂ ਬੇਘਰ ਹੋ ਗਏ।’’
ਰਮੇਸ਼ ਨੇ ਕਿਹਾ, ‘‘ਇਹ ਫੈਸਲਾ ਉਦੋਂ ਹੋਇਆ ਹੈ ਜਦੋਂ ਮਨੀਪੁਰ ਦਾ ਸਮਾਜਿਕ ਤਾਣਾ-ਬਾਣਾ ਪੂਰੀ ਤਰ੍ਹਾਂ ਤਬਾਹ ਨਹੀਂ ਤਾਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।’’ -ਪੀਟੀਆਈ