ਸਮਰਾਲਾ 26 ਦਸੰਬਰ ( ਭੂਸ਼ਣ ਬਾਂਸਲ / ਸੁਨੀਲ ਅਗਰਵਾਲ )
ਸ਼ਹੀਦੀ ਦਿਹਾੜਿਆ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਿੰਡ ਘੁੰਗਰਾਲੀ ਸਿੱਖਾਂ ਵਿਖੇ 24 ਅਤੇ 25 ਦਸੰਬਰ ਨੂੰ ਦੋ ਰੋਜ਼ਾ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੀਰ ਸਿੰਘ, ਖਜਾਨਚੀ, ਹਰਮੀਤ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਚਾਰੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਨਾਲ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਦੋ ਰੋਜਾ ਕੀਰਤਨ ਸਮਾਗਮ ਵਿੱਚ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਮੰਗਲ ਸਿੰਘ ਨੇ ਅਤੇ ਭਾਈ ਇੰਦਰਜੀਤ ਸਿੰਘ ਬਰਵਾਲੀ ਕਲਾਂ ਵਾਲਿਆ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾ ਨੂੰ ਸਬੰਧਿਤ ਇਤਿਹਾਸ ਨਾਲ ਜਾਣੂ ਕਰਵਾਇਆ। ਇਸ ਗੁਰਦੁਆਰਾ ਸਾਹਿਬ ਤੋਂ ਸ਼ਹੀਦੀ ਦਿਨਾਂ ਦੌਰਾਨ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਲਈ ਪੈਦਲ ਯਾਤਰਾ ਵਾਲੇ ਜਥੇ ਰਵਾਨਾ ਹੁੰਦੇ ਹਨ ਅਤੇ ਜਥੇ ਪੈਦਲ ਯਾਤਰਾ ਕਰਕੇ ਸ਼ਹੀਦਾਂ ਪ੍ਰਤੀ ਨਤਸਮਤਕ ਹੁੰਦੇ ਹਨ। ਜਥੇ ਵਿੱਚ ਛੋਟੇ ਬੱਚੇ, ਔਰਤਾਂ ਅਤੇ ਬਜੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਇਸ ਸਾਲ ਵੀ ਇਨ੍ਹਾਂ ਸ਼ਹੀਦੀ ਸਥਾਨਾਂ ਲਈ ਗੁਰਦੁਆਰਾ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪੈਦਲ ਯਾਤਰਾ ਕੀਤੀ ਅਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਇਤਿਹਾਸਕ ਥਾਵਾਂ ਪ੍ਰਤੀ ਜਾਣਕਾਰੀ ਦਿੱਤੀ ਤਾਂ ਜੋ ਬੱਚੇ ਆਪਣੇ ਆਪਣੇ ਵਿਰਸੇ ਅਤੇ ਸਿੱਖੀ ਪ੍ਰਾਪਤ ਕਰਨ ਲਈ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ।