Kuwait’s highest honour to Modi: ਮੋਦੀ ਨੂੰ ਕੁਵੈਤ ਦਾ ਸਭ ਤੋਂ ਵੱਡਾ ਸਨਮਾਨ ਦੇ ਕੇ ਨਿਵਾਜਿਆ

ਪ੍ਰਧਾਨ ਮੰਤਰੀ ਵੱਲੋਂ ਕੁਵੈਤ ਦੇ ਅਮੀਰ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਆਪਕ ਗੱਲਬਾਤ

ਕੁਵੈਤ ਸਿਟੀ, 22 ਦਸੰਬਰ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਕੁਵੈਤ ਦੇ ਸਭ ਤੋਂ ਵੱਡੇ ਸਨਮਾਨ ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਨਾਲ ਸਨਮਾਨਿਤ ਕੀਤਾ ਗਿਆ। ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ-ਸਬਾ ਨੇ ਪ੍ਰਧਾਨ ਮੰਤਰੀ ਨੂੰ ਇਸ ਸਨਮਾਨ ਨਾਲ ਨਿਵਾਜਿਆ।

ਕੁਵੈਤ ਦੀ ਸਰਕਾਰੀ ਖ਼ਬਰ ਏਜੰਸੀ ‘ਕੇਯੂਐੱਨਏ’ ਦੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਦੋਵੇਂ ਦੇਸ਼ਾਂ ਵਿਚਾਲੇ ਬਿਹਤਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ। ‘ਦਿ ਆਰਡਰ ਆਫ਼ ਮੁਬਾਰਕ ਅਲ ਕਬੀਰ’ ਕੁਵੈਤ ਦਾ ਇਕ ‘ਨਾਈਟਹੁੱਡ ਆਰਡਰ’ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿਸੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ 20ਵਾਂ ਕੌਮਾਂਤਰੀ ਸਨਮਾਨ ਹੈ। ਇਹ ਸਨਮਾਨ ਦੋਸਤੀ ਦੇ ਪ੍ਰਤੀਕ ਵਜੋਂ ਰਾਸ਼ਟਰ ਮੁਖੀਆਂ, ਵਿਦੇਸ਼ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਬਿਲ ਕਲਿੰਟਨ, ਪ੍ਰਿੰਸ ਚਾਰਲਸ ਅਤੇ ਜੌਰਜ ਬੁਸ਼ ਵਰਗੇ ਵਿਦੇਸ਼ ਆਗੂਆਂ ਨੂੰ ਦਿੱਤਾ ਜਾ ਚੁੱਕਾ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਨਾਲ ਅੱਜ ਵਿਆਪਕ ਗੱਲਬਾਤ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਵਪਾਰ, ਨਿਵੇਸ਼ ਅਤੇ ਊਰਜਾ ਦੇ ਖੇਤਰਾਂ ’ਚ ਭਾਰਤ-ਕੁਵੈਤ ਸਬੰਧਾਂ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੋਦੀ ਸ਼ਨਿਚਰਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਕੁਵੈਤ ਪੁੱਜੇ ਸਨ।

ਉਹ ਕੁਵੈਤ ਦੇ ਅਮੀਰ ਦੇ ਸੱਦੇ ’ਤੇ ਕੁਵੈਤ ਪੁੱਜੇ ਹਨ। ਇਹ ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ। ਇਸ ਤੋਂ ਪਹਿਲਾਂ, 1981 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੁਵੈਤ ਦੀ ਯਾਤਰਾ ਕੀਤੀ ਸੀ। ਪ੍ਰਧਾਨ ਮੰਤਰੀ ਕੁਵੈਤ ਦੇ ਯੁਵਰਾਜ (ਕਰਾਊਨ ਪ੍ਰਿੰਸ) ਸ਼ੇਖ ਸਬਾ ਅਲ-ਖਾਲਿਦ ਅਲ-ਸਬਾ ਨਾਲ ਵੀ ਮੁਲਾਕਾਤ ਕਰਨਗੇ।

Leave a Comment

[democracy id="1"]

You May Like This