ਬਲਾਚੌਰ ਨਗਰ ਕੌਂਸਲ ਚੋਣਾਂ-
ਪੜਤਾਲ ਉਪਰੰਤ 83 ਨਾਮਜਦਗੀ ਪੱਤਰ ਪਾਏ ਗਏ ਦਰੁਸਤ
ਬਲਾਚੌਰ 13 ਦਸੰਬਰ (ਜਤਿੰਦਰਪਾਲ ਸਿੰਘ ਕਲੇਰ ) :- ਰਾਜ ਚੋਣ ਕਮਿਸ਼ਨ ਵੱਲੋਂ 21 ਦਸੰਬਰ ਨੂੰ ਹੋਣ ਵਾਲੀਆਂ ਬਲਾਚੌਰ ਨਗਰ ਕੌਂਸਲ ਚੋਣਾ ਲਈ ਨਿਯੁਕਤ ਕੀਤੇ ਗਏ ਚੋਣ ਆਬਜ਼ਰਵਰ ਸਾਗਰ ਸੇਤੀਆ, ਆਈ. ਏ. ਐਸ (ਵਧੀਕ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾ, ਪੰਜਾਬ) ਦੀ ਮੌਜੂਦਗੀ ਵਿਚ ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਦੀ ਅੱਜ ਪੜਤਾਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਬਲਾਚੌਰ ਨਗਰ ਕੌਂਸਲ ਦੇ 15 ਵਾਰਡਾਂ ਲਈ 9 ਤੋਂ 12 ਦਸੰਬਰ ਤੱਕ 85 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ। ਉਨ੍ਹਾਂ ਦੱਸਿਆ ਕਿ ਅੱਜ ਪੜਤਾਲ ਦੌਰਾਨ 83 ਨਾਮਜਦਗੀਆਂ ਦਰੁਸਤ ਪਾਈਆਂ ਗਈਆਂ, ਜਦਕਿ 2 ਫਾਰਮ, ਜਿਹੜੇ ਕਿ ਉਮੀਦਵਾਰਾਂ ਵੱਲੋਂ ਡੁਪਲੀਕੇਟ ਭਰੇ ਗਏ ਸਨ, ਰੱਦ ਕਰ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੀ ਤਿਆਰੀ ਸਬੰਧੀ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ ਅੱਜ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਵਿਖੇ ਚੋਣ ਅਬਜਰਵਰ ਸਾਗਰ ਸੇਤੀਆ ਦੀ ਨਿਗਰਾਨੀ ਹੇਠ ਕਰਵਾਈ ਗਈ।
ਇਸ ਦੌਰਾਨ ਚੋਣ ਆਬਜ਼ਰਵਰ ਸਾਗਰ ਸੇਤੀਆ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਗਰ ਕੌਂਸਲ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਸਮੇਤ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਵੋਟ ਪਾਉਣ ਆਏ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ।
