Farmer protest ਹਰਿਆਣਾ ਪੁਲੀਸ ਨੇ 101 ਕਿਸਾਨਾਂ ਦੇ ਦੂਜੇ ਜਥੇ ’ਤੇ ਵੀ ਸੁੱਟੇ ਅੱਥਰੂ ਗੈਸ ਦੇ ਗੋਲੇ

ਕਾਰਵਾਈ ਤੋਂ ਪਹਿਲਾਂ ਹੋਈ ਗੱਲਬਾਤ; ਹਰਿਆਣਾ ਪੁਲੀਸ ਨੇ ਚਾਹ ਤੇ ਬਿਸਕੁਟਾਂ ਦੀ ਵੀ ਕੀਤੀ ਪੇਸ਼ਕਸ਼

ਸ਼ੰਭੂ (ਪਟਿਆਲਾ)/ਅੰਬਾਲਾ, 8 ਦਸੰਬਰ { ਪੰਜਾਬੀ ਅੱਖਰ / ਬਿਊਰੋ } :-  ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ। ਸ਼ੰਭੂ ਬਾਰਡਰ ’ਤੇ ਹਰਿਆਣਾ ਵਾਲੇ ਤਾਇਨਾਤ ਹਰਿਆਣਾ ਪੁਲੀਸ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਗੱਲਬਾਤ ਤੋਂ ਬਾਅਦ ਬਾਅਦ ਦੁਪਹਿਰ 12.40 ਵਜੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਕਿਸਾਨਾਂ ਵਿੱਚ ਭਗਦੜ ਮੱਚ ਗਈ। ਇਸ ਤੋਂ ਪਹਿਲਾਂ ਦੋਹਾਂ ਧਿਰਾਂ ਵਿਚਾਲੇ ਕਾਫੀ ਬਹਿਸ ਹੋਈ ਹੈ। ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਚਾਹ ਅਤੇ ਬਿਸਕੁਟ ਦੀ ਪੇਸ਼ਕਸ਼ ਵੀ ਕੀਤੀ। ਇਸ ਦੌਰਾਨ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਪੈਦਲ ਮਾਰਚ ਕਰਨ ਲਈ ਲੋੜੀਂਦੀ ਮਨਜ਼ੂਰੀ ਦਿਖਾਉਣ ਲਈ ਕਿਹਾ।
ਸ਼ੰਭੂ ਬਾਰਡਰ ’ਤੇ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਬਿਸਕੁਟ ਦੀ ਪੇਸ਼ਕਸ਼ ਕਰਦਾ ਹੋਇਆ ਹਰਿਆਣਾ ਪੁਲੀਸ ਦਾ ਇਕ ਅਧਿਕਾਰੀ। -ਫੋਟੋ: ਪੀਟੀਆਈ
ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਕਾਰਨ ਕਿਸਾਨਾਂ ਨੂੰ ਕੁਝ ਮੀਟਰ ਪਿੱਛੇ ਹਟਣਾ ਪਿਆ। ਇਨ੍ਹਾਂ ਵਿੱਚੋਂ ਕੁਝ ਕਿਸਾਨਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਕੁਝ ਨੇ ਚਸ਼ਮੇ ਪਹਿਨੇ ਹੋਏ ਸਨ। ਕੁਝ ਕਿਸਾਨ ਜੂਟ ਦੀਆਂ ਗਿੱਲੀਆਂ ਬੋਰੀਆਂ ਨਾਲ ਅੱਥਰੂ ਗੈਸ ਦੇ ਗੋਲਿਆਂ ਤੋਂ ਬੱਚਦੇ ਹੋਏ ਦਿਖੇ।
ਉੱਧਰ, ਹਰਿਆਣਾ ਪੁਲੀਸ ਨੇ ਬੀਤੇ ਕੱਲ੍ਹ ਪੰਜਾਬ ਪੁਲੀਸ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਦੂਰ ਹੀ ਰੋਕਿਆ ਜਾਵੇ, ਜਿਸ ਨਾਲ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਵੀ ਆਸਾਨੀ ਹੋਵੇਗੀ।

Leave a Comment

[democracy id="1"]

You May Like This