ਸਮਰਾਲਾ 2 ਦਸੰਬਰ (ਭੂਸ਼ਨ ਬਾਂਸਲ ਸੁਨੀਲ ਅਗਰਵਾਲ)
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ: ਪਰਦੀਪ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਤਾਰਕਜੋਤ ਸਿੰਘ ਜੀ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਸਮਰਾਲਾ ਵਿਖੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮੌਕੇ ਵਾਤਾਵਰਣ ਦੀ ਸੰਭਾਲ ਸਬੰਧੀ ਸੰਕਲਪ ਲਿਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ 2 ਦਸੰਬਰ ਨੂੰ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਜਾਂਦਾ ਹੈ।ਸਾਨੂੰ ਆਪਣੀ ਸਿਹਤ ਦੀ ਸੰਭਾਲ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦੀ ਸਾਂਭ ਸੰਭਾਲ ਰੱਖਣੀ ਜ਼ਰੂਰੀ ਹੈ। ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਅਸੀ ਆਪਣੇ ਵਾਹੀਕਲਾਂ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਵਰਤੋਂ ਵਿੱਚ ਲਿਆਈਏ ਅਤੇ ਕਰੋਸਿੰਗ ਦੌਰਾਨ ਲਾਲ ਬੱਤੀ ਤੇ ਆਪਣੇ ਵਾਹਨ ਨੂੰ ਬੰਦ ਕਰ ਦਈਏ ਤਾਂ ਜੋ ਪ੍ਰਦੂਸ਼ਣ ਘੱਟ ਹੋ ਸਕੇ। ਪਲਾਸਟਿਕ ਦੇ ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਪਲਾਸਟਿਕ ਦੀ ਵਰਤੋਂ ਨਾਲ ਕੈਂਸਰ ਅਤੇ ਸਾਹ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਜਿਥੋਂ ਤੱਕ ਹੋ ਸਕੇ ਸਾਨੂੰ ਕੱਪੜੇ ਦੇ ਬਣੇ ਥੈਲੇ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ। ਜਲ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਨਹਿਰਾਂ ਜਾ ਤਲਾਬਾਂ ਵਿੱਚ ਨਹੀ ਸੁਟਣੇ ਚਾਹੀਦੇ । ਪਲਾਸਟਿਕ ਦੇ ਲਿਫ਼ਾਫ਼ੇ ਜਾਂ ਹੋਰ ਫਾਲਤੂ ਪਲਾਸਟਿਕ ਦਾ ਕਚਰਾ ਆਦਿ ਨੂੰ ਨਹਿਰਾਂ ਅਤੇ ਤਲਾਬਾਂ ਵਿੱਚ ਸੁੱਟਣ ਨਾਲ ਜਲ ਜੀਵ ਜੰਤੂਆਂ ਉਤੇ ਬੁਰਾ ਪ੍ਰਭਾਵ ਪੈਂਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ। ਸਾਨੂੰ ਇਸ ਦਿਵਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਹਰ ਇਨਸਾਨ ਵੱਲੋਂ ਘੱਟੋ ਘੱਟ 5 ਰੁੱਖ ਲਗਾਏ ਜਾਣ ਤਾਂ ਜੋ ਸਾਡੀ ਧਰਤੀ,ਸਾਡਾ ਵਾਤਾਵਰਣ ਤੇ ਸਾਡੀ ਸਿਹਤ ਤੰਦਰੁਸਤ ਰਹਿ ਸਕੇ ।ਇਸ ਮੌਕੇ ਤੇ ਡਾਕਟਰ ਤਾਰਕਜੋਤ ਸਿੰਘ ਜੀ ਅਤੇ ਸਮੂਹ ਹਸਪਤਾਲ ਸਟਾਫ ਵੱਲੋਂ ਹਸਪਤਾਲ ਵਿਚ ਪੌਦੇ ਲਗਾਏ ਗਏ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਲਈ ਹੋਰ ਉਪਰਾਲੇ ਵੀ ਕੀਤੇ ਗਏ। ਇਸ ਮੌਕੇ ਡਾ: ਕਰਨਵੀਰ ਸਿੰਘ, ਡਾ.ਇਸ਼ਾ ਹਾਊਸ ਸਰਜਨ,ਦਲਜੀਤ ਕੌਰ ਨਰਸਿੰਗ ਸਿਸਟਰ , ਕਰਤਾਰ ਸਿੰਘ ਐਮ.ਐਲ.ਟੀ, ਪ੍ਰਦੀਪ ਸ਼ਰਮਾ ਮ.ਪ.ਹ.ਵ, ਰਸ਼ਪਿੰਦਰ ਕੌਰ,ਪ੍ਰਿੰਸ,ਰਾਕੇਸ਼ ਕੁਮਾਰ, ਗੁਰਦੀਪ ਸਿੰਘ ਸਮੂਹ ਹਸਪਤਾਲ ਸਟਾਫ ਹਾਜ਼ਰ ਸਨ।