‘ਆਪ’ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਅਰਜ਼ੀਆਂ ਮੰਗੀਆਂ

 

ਜਲੰਧਰ, 30 ਨਵੰਬਰ { ਪੰਜਾਬੀ ਅੱਖਰ / ਬਿਊਰੋ } :- ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਹੈ ਕਿ ਸੂਬੇ ’ਚ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਲਈ ਟਿਕਟਾਂ ਦੀ ਵੰਡ ਵਿੱਚ ਆਪਣੇ ਵਰਕਰਾਂ ਅਤੇ ਵਾਲੰਟੀਅਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਪਾਰਟੀ ਨੇ ਇਨ੍ਹਾਂ ਚੋਣਾਂ ਲਈ ਚਾਹਵਾਨਾਂ ਤੋਂ ਅਰਜ਼ੀਆਂ ਪਹਿਲੀ ਦਸੰਬਰ ਤੋਂ ਮੰਗ ਲਈਆਂ ਹਨ। ਇੱਥੇ ਸਰਕਟ ਹਾਊਸ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਨਿਗਮ ਚੋਣਾਂ ਲਈ ਚੋਣ ਲੜਨ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਪਹਿਲੀ ਦਸੰਬਰ ਤੋਂ ਪ੍ਰਾਪਤ ਕੀਤੀਆਂ ਜਾਣਗੀਆਂ। ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਦੇ ਸਵਾਲ ਦੇ ਮਾਮਲੇ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਆਪਣੇ ਵਰਕਰਾਂ ਨੂੰ ਪਹਿਲ ਦੇਵੇਗੀ। ਸ਼ੈਰੀ ਕਲਸੀ ਨੇ ਕਿਹਾ ਕਿ ਪਾਰਟੀ ਕੋਲ 4 ਦਸੰਬਰ ਤੱਕ ਅਰਜ਼ੀਆਂ ਪਹੁੰਚ ਜਾਣਗੀਆਂ। ਇਸ ਤੋਂ ਬਾਅਦ ਸਥਾਨਕ ਜਾਂ ਸੂਬਾ ਪੱਧਰ ’ਤੇ ‘ਆਪ’ ਦੀਆਂ ਟੀਮਾਂ ਉਮੀਦਵਾਰਾਂ ਦੀਆਂ ਸੂਚੀਆਂ ਦੀ ਜਾਂਚ ਕਰਨਗੀਆਂ ਅਤੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਕੇਜਰੀਵਾਲ ’ਤੇ ਹਮਲੇ ਦੀ ਨਿਖੇਧੀ

ਚੰਡੀਗੜ੍ਹ (ਟਨਸ):

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਗ੍ਰੇਟਰ ਕੈਲਾਸ਼ ਵਿੱਚ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੇਹੱਦ ਸ਼ਰਮਨਾਕ ਹੈ, ਜਦੋਂ ਤੋਂ ਉਨ੍ਹਾਂ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਤੇ ਜਨਤਕ ਸੁਰੱਖਿਆ ਨੂੰ ਲੈ ਕੇ ਭਾਜਪਾ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਹਨ, ਇਸ ਤੋਂ ਬਾਅਦ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ ਜੋ ਭਾਜਪਾ ਦੀ ਬੌਖਲਾਹਟ ਦਾ ਹੀ ਨਤੀਜਾ ਹਨ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪਾਰਟੀ ਸੁਪਰੀਮੋ ’ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ ਤੇ ਦਿੱਲੀ ਦੀ ਜਨਤਾ ਭਾਜਪਾ ਨੂੰ ਇਸ ਦਾ ਜਵਾਬ ਦੇਵੇਗੀ।

Leave a Comment

[democracy id="1"]

You May Like This