ਜੁਲਾਈ-ਸਤੰਬਰ ਦੀ ਤਿਮਾਹੀ ਦੇ ਆਏ ਅੰਕੜੇ; ਪਿਛਲੇ ਸਾਲ ਇਹ ਦਰ 8.1 ਫੀਸਦੀ ਸੀ
ਨਵੀਂ ਦਿੱਲੀ, 29 ਨਵੰਬਰ { ਪੰਜਾਬੀ ਅੱਖਰ / ਬਿਊਰੋ }
GDP :- ਭਾਰਤ ਦੀ ਆਰਥਿਕ ਵਿਕਾਸ ਦਰ ਜੁਲਾਈ-ਸਤੰਬਰ 2024 ਵਿੱਚ 5.4 ਫੀਸਦੀ ਦਰਜ ਕੀਤੀ ਗਈ ਹੈ ਜੋ ਇੱਕ ਸਾਲ ਪਹਿਲਾਂ ਦੀ ਤਿਮਾਹੀ ਵਿੱਚ 8.1 ਫੀਸਦੀ ਸੀ। ਇਸ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭੋਜਨ ਪਦਾਰਥਾਂ ਤੇ ਸਬਜ਼ੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ ਇਸ ਦਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਜੋ ਅਨੁਮਾਨਾਂ ਤੋਂ ਕਾਫੀ ਘੱਟ ਹੈ।
ਹਾਲਾਂਕਿ, ਭਾਰਤ ਹਾਲੇ ਵੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਜਿਸ ਬਾਰੇ ਕਈ ਅਰਥ ਸ਼ਾਸਤਰੀਆਂ ਨੇ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿੱਚ ਵਿਕਾਸ ਦਰ ਦੀ ਲੈਅ ਮੁੜ ਹਾਸਲ ਕਰਨ ਦੀ ਪੇਸ਼ੀਨਗੋਈ ਕੀਤੀ ਸੀ। ਇਹ ਆਰਥਿਕ ਵਿਕਾਸ ਦਰ ਪਿਛਲੀ ਤਿਮਾਹੀ ਵਿੱਚ 6.8 ਫੀਸਦੀ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਾਰਚ 2025 ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਲਈ 7.2 ਫੀਸਦੀ ਵਿਕਾਸ ਦਰ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਮਾਹਰਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਦੀ ਮੰਗ ਕੀਤੀ ਹੈ, ਹਾਲਾਂਕਿ ਕੇਂਦਰੀ ਬੈਂਕ ਵੱਲੋਂ ਅਗਲੇ ਹਫਤੇ ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਾ ਕੀਤੇ ਜਾਣ ਦੀ ਉਮੀਦ ਹੈ। ਪੀਟੀਆਈ/ਰਾਇਟਰਜ਼