ਅੰਮ੍ਰਿਤਸਰ, 21 ਨਵੰਬਰ { ਪੰਜਾਬੀ ਅੱਖਰ / ਬਿਊਰੋ }
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਹੁਣ ਪੂਰੀ ਤਰ੍ਹਾਂ ਸਿਹਤਯਾਬ ਹਨ ਅਤੇ ਕੈਂਸਰ ਤੋਂ ਮੁਕਤ ਹੋ ਚੁੱਕੇ ਹਨ। ਡਾ. ਨਵਜੋਤ ਕੌਰ ਸਿੱਧੂ ਦੇ ਕੈਂਸਰ ਦੀ ਜੰਗ ਜਿੱਤਣ ਤੋਂ ਬਾਅਦ ਅੱਜ ਪਹਿਲੀ ਵਾਰ ਸਾਰਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ। ਅੱਜ ਇੱਥੇ ਡਾਕਟਰ ਸਿੱਧੂ ਦਾ ਕੈਂਸਰ ਸਬੰਧੀ ਪੀਈਟੀ (ਪੋਸੀਟਰੋਨ ਐਮਿਸ਼ਨ ਟੋਮੋਗਰਾਫੀ) ਸਕੈਨ ਟੈਸਟ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੂੰ ਕੈਂਸਰ ਮੁਕਤ ਕਰਾਰ ਦਿੱਤਾ ਗਿਆ ਹੈ।
ਸ੍ਰੀ ਸਿੱਧੂ ਵੱਲੋਂ ਇੱਥੇ ਸਥਿਤ ਘਰ ਵਿੱਚ ਅੱਜ ਸ਼ਾਮ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਡਾਕਟਰ ਸਿੱਧੂ ਨੇ ਛਾਤੀ ਦੇ ਕੈਂਸਰ ਨੂੰ ਮੋੜਾ ਪਾਇਆ। ਉਨ੍ਹਾਂ ਦੱਸਿਆ ਕਿ ਉਹ ਉਸ ਵੇਲੇ ਜੇਲ੍ਹ ਵਿੱਚ ਸਨ ,ਜਦੋਂ ਉਨ੍ਹਾਂ ਨੂੰ ਪਤਨੀ ਦੇ ਕੈਂਸਰ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾ ਕੇ ਕਰੋੜਾਂ ਰੁਪਏ ਖਰਚਣ ਦੀ ਲੋੜ ਨਹੀਂ ਹੈ, ਸਗੋਂ ਭਾਰਤ ਅਤੇ ਪੰਜਾਬ ਵਿੱਚ ਵੀ ਇਸ ਦਾ ਸਹੀ ਇਲਾਜ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਮੁੱਚੇ ਸਿੱਧੂ ਪਰਿਵਾਰ ਨੇ ਸਾਦੇ ਖਾਣੇ ਨੂੰ ਅਪਣਾ ਲਿਆ, ਜਿਸ ਨਾਲ ਉਨ੍ਹਾਂ ਦਾ ਖੁਦ ਦਾ ਫੈਟੀ ਲੀਵਰ ਠੀਕ ਹੋਇਆ ਹੈ ਅਤੇ ਵਜ਼ਨ ਵੀ ਘਟ ਗਿਆ ਹੈ। ਉਹ ਹੁਣ ਪਹਿਲਾਂ ਨਾਲੋਂ ਵਧੇਰੇ ਤੰਦਰੁਸਤ ਮਹਿਸੂਸ ਕਰਦੇ ਹਨ। ਅੱਜ ਸ੍ਰੀ ਸਿੱਧੂ ਨੇ ਸਿਆਸੀ ਮੁੱਦੇ ਬਾਰੇ ਕੁਝ ਵੀ ਚਰਚਾ ਕਰਨ ਤੋਂ ਗੁਰੇਜ਼ ਕੀਤੀ। ਉਨ੍ਹਾਂ ਸਿਰਫ਼ ਇਹੀ ਕਿਹਾ ਕਿ ਜਦੋਂ ਪਾਰਟੀ ਦੀ ਹਾਈ ਕਮਾਂਡ ਚਾਹੇਗੀ ,ਉਹ ਸਰਗਰਮ ਸਿਆਸਤ ਵਿੱਚ ਪਰਤ ਆਉਣਗੇ। ਇਸ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।