ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ !

ਪਟਨਾ ’ਚ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ; ਰੇਲ ਤੇ ਸੜਕੀ ਆਵਾਜਾਈ ਰਹੀ ਪ੍ਰਭਾਵਿਤ ! 

ਨਵੀਂ ਦਿੱਲੀ/ਪਟਨਾ, 21 ਅਗਸਤ { ਪੰਜਾਬੀ ਅੱਖਰ } ਭਾਰਤ ਬੰਦ ਨੂੰ ਅੱਜ ਬਿਹਾਰ, ਝਾਰਖੰਡ ਅਤੇ ਵੱਖ ਵੱਖ ਸੂਬਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਇਥੇ ਆਮ ਜਨਜੀਵਨ ਠੱਪ ਰਿਹਾ। ਪਟਨਾ, ਦਰਭੰਗਾ ਅਤੇ ਬੇਗੂਸਰਾਏ ਸਣੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਲਾਠੀਚਾਰਜ ਦੀ ਘਟਨਾ ਪਟਨਾ ਦੇ ਡਾਕ ਬੰਗਲਾ ਚੌਕ ‘ਤੇ ਵਾਪਰੀ, ਜਿੱਥੇ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਅਤੇ ਝੰਡੇ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪੂਰਨੀਆ ਵਿੱਚ ਪ੍ਰਦਰਸ਼ਨਾਂ ਨੂੰ ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ, ਜਿਸ ਨੂੰ ਪੱਪੂ ਯਾਦਵ ਵੀ ਕਿਹਾ ਜਾਂਦਾ ਹੈ, ਦਾ ਸਮਰਥਨ ਹਾਸਲ ਸੀ। ਪ੍ਰਦਰਸ਼ਨ ਸਿਰਫ਼ ਪਟਨਾ ਅਤੇ ਪੂਰਨੀਆ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਬਿਹਾਰ ਦੇ ਦਰਭੰਗਾ, ਹਾਜੀਪੁਰ, ਜਹਾਨਾਬਾਦ, ਨਵਾਦਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਦਾ ਅਸਰ ਦੇਖਿਆ ਗਿਆ। ਝਾਰਖੰਡ ਅਤੇ ਉੜੀਆ ਵਿੱਚ ਟਰਾਂਸਪੋਰਟ ਸੇਵਾਵਾਂ ਅੰਸ਼ਕ ਤੌਰ ’ਤੇ ਪ੍ਰਭਾਵਿਤ ਹੋਈਆਂ। ਦੇਸ਼ ਭਰ ਦੀਆਂ 21 ਸੰਸਥਾਵਾਂ ਨੇ ਸਿਖਰਲੀ ਅਦਾਲਤ ਦੇ ਹੁਕਮਾਂ ਖਿਲਾਫ਼ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਰੋਕੀ। ਦਰਭੰਗਾ ਅਤੇ ਬਕਸਰ ਵਿੱਚ ਰੇਲ ਸੇਵਾ ਪ੍ਰਭਾਵਿਤ ਹੋਈ। ਆਰਜੇਡੀ ਅਤੇ ਇੰਡੀਆ ਬਲਾਕ ਦੇ ਹੋਰਨਾਂ ਭਾਈਵਾਲਾਂ ਨੇ ਬੰਦ ਨੂੰ ਸਮਰਥਨ ਦਿੱਤਾ ਸੀ। ਝਾਰਖੰਡ ਵਿੱਚ ਸਕੂਲ ਤੇ ਸਰਕਾਰੀ ਟਰਾਂਸਪੋਰਟ ਬੰਦ ਰਹੀ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹੜਤਾਲ ਕਾਰਨ ਆਪਣਾ ਪਲਾਮੂ ਦੌਰਾ ਰੱਦ ਕਰ ਦਿੱਤਾ। ਰਾਂਚੀ ਯੂਨੀਵਰਸਿਟੀ ਵਿੱਚ ਬੀਐਡ ਦਾ ਪ੍ਰੈਕਟੀਕਲ ਮੁਲਤਵੀ ਕਰ ਦਿੱਤਾ ਗਿਆ। ਦਫ਼ਤਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਰਹੀ। ਉੜੀਸਾ ਵਿੱਚ ਰੇਲ ਅਤੇ ਟਰਾਂਸਪੋਰਟ ਸੇਵਾ ਅੰਸ਼ਕ ਤੌਰ ’ਤੇ ਪ੍ਰਭਾਵਿਤ ਰਹੀ। ਦਾਂਤੇਵਾੜਾ ਵਿੱਚ ਵੱਡੀ ਮੋਟਰਸਾਈਕਲ ਰੈਲੀ ਕੱਢੀ ਗਈ। ਗੁਜਰਾਤ ਅਤੇ ਉੱਤਰਪ੍ਰਦੇਸ਼ ਵਿੱਚ ਵੀ ਬੰਦ ਦਾ ਕੁਝ ਅਸਰ ਦੇਖਣ ਨੂੰ ਮਿਲਿਆ। ਭੀਮ ਆਰਮੀ ਨੇ ਪੱਛਮੀ ਉਤਰ ਪ੍ਰਦੇਸ਼ ਵਿੱਚ ਰੋਸ ਮੁਜ਼ਾਹਰੇ ਕੀਤੇ। ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਐਕਸ ’ਤੇ ਕਿਹਾ ਕਿ ਅੱਜ ਦੇ ਅੰਦੋਲਨ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਹੁਣ ਬਹੁਜਨ ਸਮਾਜ ਵੰਡ ਤੇ ਰਾਜ ਕਰੋ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕਰੇਗਾ। ਹੋਰਨਾਂ ਉੱਤਰੀ ਸੂਬਿਆਂ ਰਾਜਸਥਾਨ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੰਦ ਦਾ ਮੱਠਾ ਅਸਰ ਰਿਹਾ। ਪੰਜਾਬੀ ਅੱਖਰ 

ਬੰਦ ਨੂੰ ਪੰਜਾਬ ਵਿੱਚ ਮਿਲਿਆ ਮੱਠਾ ਹੁੰਗਾਰਾ

 

ਜਲੰਧਰ ਦੇ ਗੁਰੂ ਰਵਿਦਾਸ ਚੌਕ ਵਿੱਚ ਪ੍ਰਦਰਸ਼ਨ ਕਰਦੇ ਹੋਏ ਬਸਪਾ ਆਗੂ ਤੇ ਵਰਕਰ। -ਫੋਟੋ: ਮਲਕੀਅਤ ਸਿੰਘ

 

ਜਲੰਧਰ { ਪੰਜਾਬੀ ਅੱਖਰ }  ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਵਿੱਚ ਵਰਗੀਕਰਨ ਕਰਕੇ ਸੂਬਿਆਂ ਨੂੰ ਰਾਖਵੇਂਕਰਨ ਦਾ ਕੋਟਾ ਵੰਡਣ ਅਤੇ ‘ਕ੍ਰੀਮੀ ਲੇਅਰ’ ਸਬੰਧੀ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਖ਼ਿਲਾਫ਼ ਆਦਿਵਾਸੀਆਂ ਅਤੇ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਦੇ ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਅੱਜ ਮੱਠਾ ਹੁੰਗਾਰਾ ਮਿਲਿਆ। ਬਹੁਗਿਣਤੀ ਦਲਿਤ ਵੱਸੋਂ ਵਾਲੇ ਜਲੰਧਰ ਜ਼ਿਲ੍ਹੇ ਵਿੱਚ ਵੀ ਬੰਦ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਹਾਲਾਂਕਿ ਬਸਪਾ ਆਗੂਆਂ ਤੇ ਵਰਕਰਾਂ ਨੇ ਸਵੇਰੇ 9 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਰੋਸ ਪ੍ਰਦਰਸ਼ਨ ਕੀਤੇ ਤੇ ਕੁੱਝ ਇਲਾਕਿਆਂ ’ਚ ਦੁਕਾਨਾਂ ਬੰਦ ਕਰਵਾਈਆਂ ਗਈਆਂ। ਉਧਰ ਵਾਲਮੀਕਿ ਭਾਈਚਾਰੇ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਡਟ ਕੇ ਸਮਰਥਨ ਕੀਤਾ। ਉਨ੍ਹਾਂ ਜਲੰਧਰ ਦੇ ਨਗਰ ਨਿਗਮ ਚੌਕ ਵਿੱਚ ਲੱਡੂ ਵੀ ਵੰਡੇ। ਬਸਪਾ ਵਰਕਰਾਂ ਨੇ ਜਲੰਧਰ ਦੇ ਰਾਮਾਂ ਮੰਡੀ ਚੌਕ, ਪਠਾਨਕੋਟ ਚੌਕ, ਗੁਰੂ ਰਵਿਦਾਸ ਚੌਕ, ਵਡਾਲਾ ਚੌਕ ਤੇ ਹੋਰ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਧਰਨੇ ਦਿੱਤੇ ਤੇ ਦੁਕਾਨਾਂ ਬੰਦ ਕਰਵਾਈਆਂ। ਉਨ੍ਹਾਂ ਕਿਸੇ ਨੂੰ ਵੀ ਕਾਰੋਬਾਰ ਜਬਰੀ ਬੰਦ ਲਈ ਮਜਬੂਰ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਖਾਸ ਥਾਵਾਂ ’ਤੇ ਪ੍ਰਦਰਸ਼ਨਾਂ ਤੱਕ ਹੀ ਸੀਮਤ ਰੱਖਿਆ। ਇਨ੍ਹਾਂ ਮੁਜ਼ਾਹਰਿਆਂ ਵਿੱਚ ਆਦਿ-ਧਰਮੀ/ਰਵਿਦਾਸ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਬਸਪਾ ਦੇ ਸੂਬਾਈ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਆਪਣੇ ਆਪ ਹੀ ਕਾਰੋਬਾਰ ਬੰਦ ਰੱਖੇ। ਜਦਕਿ ਦੂਜੀ ਧਿਰ ਦਾ ਕਹਿਣਾ ਸੀ ਕਿ ਸਾਰਾ ਕੁਝ ਆਮ ਵਾਂਗ ਚੱਲਦਾ ਰਿਹਾ। ਨਗਰ ਨਿਗਮ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸੰਨੀ ਸਹੋਤਾ ਨੇ ਕਿਹਾ ਕਿ ਵਿਰੋਧ ਪ੍ਰਗਟਾਉਣ ਦਾ ਹਰ ਇੱਕ ਨੂੰ ਸੰਵਿਧਾਨਕ ਹੱਕ ਹੈ। ਰਵਿਦਾਸ ਭਾਈਚਾਰੇ ਨੂੰ ਵੀ ਬੰਦ ਦਾ ਸੱਦਾ ਦੇਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਨੂੰ ਚਿਰਾਂ ਬਾਅਦ 12 ਫੀਸਦੀ ਰਾਖਵਾਂਕਰਨ ਮਿਲਿਆ ਹੈ ਤੇ ਇਹ ਉਨ੍ਹਾਂ ਲਈ ਇਤਿਹਾਸਕ ਦਿਨ ਹੈ।

ਇਸ ਦੌਰਾਨ ਕੁਝ ਵਾਲਮੀਕਿ ਜਥੇਬੰਦੀਆਂ ਦੇ ਆਗੂਆਂ ਨੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਕੰਪਨੀ ਬਾਗ ਚੌਕ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਲਿਤ ਕਾਰਕੁਨਾਂ ਨੇ ਦੱਸਿਆ ਕਿ ਪੰਜਾਬ ਦੇ ਦੋ ਸਭ ਤੋਂ ਵੱਡੇ ਅਨੁਸੂਚਿਤ ਜਾਤੀ ਭਾਈਚਾਰਿਆਂ ਵਿਚਾਲੇ ਕੁੜੱਤਣ ਪੈਦਾ ਹੋ ਸਕਦੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ। ਸਾਰੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸਸੀ ਭਾਈਚਾਰਾ ਅਨੁਸੂਚਿਤ ਜਾਤੀਆਂ ਵਿੱਚ ਏਕਤਾ ਚਾਹੁੰਦਾ ਹੈ। ਇਸ ਲਈ ਇਸ ਮੁੱਦੇ ਨੂੰ ਸਿਆਸੀ ਹਵਾ ਤੋਂ ਦੂਰ ਰੱਖਿਆ ਗਿਆ ਹੈ। ਪੰਜਾਬੀ ਅੱਖਰ 

 

Leave a Comment

[democracy id="1"]

You May Like This