ਰੁਦਰਪ੍ਰਯਾਗ, 3 ਅਗਸਤ { ਪੰਜਾਬੀ ਅੱਖਰ } ਉੱਤਰਾਖੰਡ ਦੇ ਕੇਦਾਰਨਾਥ ਧਾਮ ’ਚ ਮੀਂਹ ਪ੍ਰਭਾਵਿਤ ਪੈਦਲ ਮਾਰਗ ’ਤੇ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ ਅਤੇ ਹੁਣ ਤੱਕ 10,500 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਹੈ। ਲੋਕਾਂ ਨੂੰ ਕੱਢਣ ਲਈ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ਮਦਦ ਵੀ ਲਈ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 1300 ਤੀਰਥ ਯਾਤਰੀ ਕੇਦਾਰਨਾਥ, ਭੀਮਬਲੀ ਤੇ ਗੌਰੀਕੁੰਡ ’ਚ ਫਸੇ ਹੋਏ ਪਰ ਸੁਰੱਖਿਅਤ ਹਨ। ਐੱਸਡੀਆਰਐੱਫ, ਐੱਨਡੀਆਰਐੱਫ ਦੇ ਜਵਾਨ ਤੇ ਪੁਲੀਸ ਮੁਲਾਜ਼ਮ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਭਾਰਤੀ ਹਵਾਈ ਸੈਨਾ ਦੇ ਚਿਨੁਕ ਤੇ ਐੱਮਆਈ-17 ਹੈਲੀਕਾਪਟਰ ਰਾਹੀਂ ਲੰਘੀ ਰਾਤ ਕੁਝ ਸ਼ਰਧਾਲੂਆਂ ਨੂੰ ਕੱਢਿਆ ਗਿਆ ਸੀ।
ਰੁਦਰਪ੍ਰਯਾਗ ਦੀ ਐੱਸਪੀ ਵਿਸ਼ਾਖਾ ਅਸ਼ੋਕ ਭਦਾਣੇ ਨੇ ਪੈਦਲ ਮਾਰਗ ਨੇੜੇ ਬੱਦਲ ਫਟਣ ਮਗਰੋਂ ਵੱਡੀ ਗਿਣਤੀ ’ਚ ਲੋਕਾਂ ਦੇ ਲਾਪਤਾ ਹੋਣ ਦੀਆਂ ਅਫ਼ਵਾਹਾਂ ਖਾਰਜ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ, ‘ਤਕਰੀਬਨ ਸਾਰੇ ਲੋਕ ਘਰ ਪਹੁੰਚ ਗਏ ਹਨ।’ ਉਨ੍ਹਾਂ ਆਮ ਲੋਕਾਂ ਨੂੰ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਬੀਤੇ ਦਿਨ ਲਿੰਚੋਲੀ ’ਚ ਥਾਰੂ ਕੈਂਪ ਨੇੜੇ ਢਿੱਗਾਂ ਖਿਸਕਣ ਦੀ ਘਟਨਾ ’ਚ ਜਿਸ ਤੀਰਥ ਯਾਤਰੀ ਦੀ ਜਾਨ ਚਲੀ ਗਈ ਸੀ, ਉਸ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸ਼ੁਭਮ ਕਸ਼ਿਅਪ ਵਜੋਂ ਹੋਈ ਹੈ। ਕੇਦਾਰਨਾਥ ਯਾਤਰਾ ਫਿਲਹਾਲ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਰੁਦਰਪ੍ਰਯਾਗ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਮਲਬਾ ਹਟਾਏ ਜਾਣ ਤੇ ਸੜਕ ਦੀ ਮੁਰੰਮਤ ਕੀਤੇ ਜਾਣ ਤੱਕ ਉਡੀਕ ਕਰਨ ਲਈ ਕਿਹਾ ਹੈ।