Search
Close this search box.

ਪੰਜਾਬ ’ਚ ਆਉਂਦੇ ਤਿੰਨ ਦਿਨ ਭਾਰੀ ਮੀਂਹ ਦੀ ਪੇਸ਼ੀਨਗੋਈ

ਚੰਡੀਗੜ੍ਹ, 29 ਜੂਨ

ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋਣ ਦੇ ਬਾਵਜੂਦ ਲੋਕਾਂ ਨੂੰ ਅੱਜ ਸਾਰਾ ਦਿਨ ਗਰਮੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤਹਿਤ ਪੰਜਾਬ ਵਿੱਚ 30 ਜੂਨ ਤੋਂ 2 ਜੁਲਾਈ ਤੱਕ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੇਗੀ। ਅੱਜ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 42.5 ਜਦਕਿ ਘੱਟ ਤੋਂ ਘੱਟ ਤਾਪਮਾਨ 27.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਹਾਲੇ ਸਿਰਫ਼ ਪਠਾਨਕੋਟ ਵਿੱਚ ਹੀ ਮੌਨਸੂਨ ਨੇ ਦਸਤਕ ਦਿੱਤੀ ਹੈ ਪਰ ਇੱਕ-ਦੋ ਦਿਨ ਵਿੱਚ ਮੌਨਸੂਨ ਬਾਕੀ ਪੰਜਾਬ ਵਿੱਚ ਵੀ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁੰਮਸ ਭਰੀ ਗਰਮੀ ਤੋਂ ਬਾਅਦ ਬੱਦਲ ਬਣ ਜ਼ਰੂਰ ਰਹੇ ਹਨ ਪਰ ਕਈ ਵਾਰ ਤੇਜ਼ ਹਵਾਵਾਂ ਮੀਂਹ ਵਾਲੇ ਬੱਦਲ ਅੱਗੇ ਲੈ ਜਾਂਦੀਆਂ ਹਨ। ਇਸੇ ਕਰਕੇ ਪੰਜਾਬ ਵਿੱਚ ਪੇਸ਼ੀਨਗੋਈ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਆਉਂਦੇ ਤਿੰਨ ਦਿਨ ਸੂਬੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਨਵਾਂ ਸ਼ਹਿਰ ਵਿੱਚ 66 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਬਠਿੰਡਾ ਹਵਾਈ ਅੱਡੇ, ਫ਼ਤਿਹਗੜ੍ਹ ਸਾਹਿਬ ਤੇ ਰੂਪਨਗਰ ਵਿੱਚ ਵੀ ਕਿਣ-ਮਿਣ ਹੋਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 39.7, ਲੁਧਿਆਣਾ ਵਿੱਚ 36.8, ਪਟਿਆਲਾ ਵਿੱਚ 38, ਪਠਾਨਕੋਟ ’ਚ 38.7, ਬਠਿੰਡਾ ’ਚ 37.6, ਬਰਨਾਲਾ ’ਚ 37, ਫਰੀਦਕੋਟ ’ਚ 42.1, ਫਤਿਹਗੜ੍ਹ ਸਾਹਿਬ ਵਿੱਚ 37.1, ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਵਿੱਚ ਪਿਆ ਭਾਰੀ ਮੀਂਹ

ਹਰਿਆਣਾ ਵਿੱਚ ਅੱਜ ਭਾਰੀ ਮੀਂਹ ਪੈਣ ਮਗਰੋਂ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਵਿੱਚ ਹਰਿਆਣਾ ਦੇ ਰੋਹਤਕ ’ਚ 45 ਐੱਮਐੱਮ, ਪਾਣੀਪਤ ਵਿੱਚ 30, ਮੇਵਾਤ ਵਿੱਚ 31.5, ਹਿਸਾਰ ਵਿੱਚ 22, ਭਿਵਾਨੀ ਵਿੱਚ 4, ਕਰਨਾਲ ਵਿੱਚ 12.5, ਰਿਵਾੜੀ ਵਿੱਚ 22 ਅਤੇ ਸੋਨੀਪਤ ਵਿੱਚ 7.5 ਐੱਮਐੱਮ ਮੀਂਹ ਪਿਆ।

ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜੇ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਅੱਜ ਬਿਜਲੀ ਦੀ ਮੰਗ ਰਿਕਾਰਡ 16,083 ਮੈਗਾਵਾਟ ’ਤੇ ਪਹੁੰਚ ਗਈ ਹੈ। ਇਹ ਪਿਛਲੇ ਸਾਲ ਨਾਲੋਂ ਦੋ ਹਜ਼ਾਰ ਮੈਗਾਵਾਟ ਦੇ ਕਰੀਬ ਵੱਧ ਰਹੀ। 19 ਜੂਨ ਨੂੰ ਬਿਜਲੀ ਦੀ ਮੰਗ 16,078 ਮੈਗਾਵਾਟ ਦਰਜ ਕੀਤੀ ਗਈ ਸੀ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਨੇ 16,083 ਮੈਗਾਵਾਟ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਸੂਬੇ ਦੇ ਮਜ਼ਬੂਤ ਬਿਜਲੀ ਬੁਨਿਆਦੀ ਢਾਂਚੇ ਨੂੰ ਦਰਸਾਉਂਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਕੱਟ ਲਾਏ ਬਿਨਾ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸੂਬੇ ’ਚ ਸਥਿਤ ਸਰਕਾਰੀ ਤੇ ਨਿੱਜੀ ਖੇਤਰ ਦੇ 5 ਥਰਮਲ ਪਲਾਟਾਂ ਦੇ 15 ’ਚੋਂ 14 ਯੂਨਿਟ ਚੱਲ ਰਹੇ ਹਨ। ਇਸ ’ਚੋਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰ ਯੂਨਿਟਾਂ ’ਚੋਂ ਇਕ ਬੰਦ ਹੈ। ਇਸ ਦੇ ਬਾਕੀ ਤਿੰਨ ਯੂਨਿਟਾਂ ਰਾਹੀਂ 648 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਹੋ ਰਿਹਾ ਹੈ। ਰੋਪੜ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ 615 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਕਰ ਰਹੇ ਹਨ।

 

Leave a Comment

[democracy id="1"]

You May Like This