ਜੌਰਜਟਾਊਨ, 27 ਜੂਨ
ਟੀ-20 ਵਿਸ਼ਵ ਕੱਪ ’ਚ ਭਾਰਤ ਤੇ ਇੰਗਲੈਂਡ ਵਿਚਾਲੇ ਸੈਮੀ-ਫਾਈਨਲ ਮੈਚ ਦੌਰਾਨ ਮੀਂਹ ਪੈਣ ਕਾਰਨ ਖੇਡ ਰੋਕ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਮੈਚ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਖੇਡ ਰੋਕੇ ਜਾਣ ਤੱਕ ਭਾਰਤੀ ਟੀਮ ਨੇ 8 ਓਵਰਾਂ ’ਚ 2 ਵਿਕਟਾਂ ਗੁਆ ਕੇ 65 ਦੌੜਾਂ ਬਣਾ ਲਈਆਂ ਸਨ। ਵਿਰਾਟ ਕੋਹਲੀ (9 ਦੌੜਾਂ) ਤੇ ਰਿਸ਼ਭ ਪੰਤ (4 ਦੌੜਾਂ) ਪੈਵੇਲੀਅਨ ਪਰਤ ਚੁੱਕੇ ਹਨ। ਰੋਹਿਤ ਸ਼ਰਮਾ 37 ਦੌੜਾਂ ਤੇ ਸੂਰਿਆਕੁਮਾਰ ਯਾਦਵ 13 ਦੌੜਾਂ ਬਣਾ ਕੇ ਕਰੀਜ਼ ’ਤੇ ਸਨ। ਇਸ ਤੋਂ ਪਹਿਲਾਂ ਮੈਚ ਮੀਂਹ ਪੈਣ ਮਗਰੋਂ ਮੈਦਾਨ ਗਿੱਲਾ ਹੋਣ ਕਾਰਨ ਟਾਸ ਦੇਰੀ ਨਾਲ ਹੋਈ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼ਨਿਚਰਵਾਰ ਨੂੰ ਖੇਡਿਆ ਜਾਣਾ ਹੈ। ਦੱਖਣੀ ਅਫਰੀਕਾ ਟੀਮ ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀ ਹੈ, ਜਿਸ ਨੇ ਸੈਮੀ-ਫਾਈਨਲ ’ਚ ਅਫ਼ਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ।