ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਐੱਨਡੀਏ ਭਾਈਵਾਲਾਂ ਨੇ ਸਰਬਸੰਮਤੀ ਨਾਲ ਆਗੂ ਚੁਣਿਆ; ਭਲਕੇ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ ਪੇਸ਼

* ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਚੰਦਰਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਸਣੇ 16 ਪਾਰਟੀਆਂ ਦੇ 21 ਆਗੂ ਰਹੇ ਮੌਜੂਦ

* 8 ਜਾਂ 9 ਜੂਨ ਨੂੰ ਹੋ ਸਕਦਾ ਹੈ ਹਲਫ਼ਦਾਰੀ ਸਮਾਗਮ

ਨਵੀਂ ਦਿੱਲੀ, 5 ਜੂਨ

ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿਚ ਸ਼ਾਮਲ ਸਿਆਸੀ ਪਾਰਟੀਆਂ ਨੇ ਅੱਜ ਸਰਬਸੰਮਤੀ ਨਾਲ ਸ੍ਰੀ ਮੋਦੀ ਨੂੰ ਆਪਣਾ ਆਗੂ ਚੁਣ ਲਿਆ। ਐੱਨਡੀਏ ਦੇ ਨਵੇਂ ਚੁਣੇ ਸੰਸਦ ਮੈਂਬਰ ਹੁਣ 7 ਜੂਨ ਨੂੰ ਬੈਠਕ ਕਰਕੇ ਸ੍ਰੀ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨਗੇ ਤੇ ਇਸ ਮਗਰੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਸੁੂਤਰਾਂ ਨੇ ਕਿਹਾ ਕਿ ਨਵੀਂ ਸਰਕਾਰ ਸ਼ਨਿੱਚਰਵਾਰ ਜਾਂ ਐਤਵਾਰ ਨੂੰ ਹਲਫ਼ ਲੈ ਸਕਦੀ ਹੈ।

ਸ੍ਰੀ ਮੋਦੀ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਟੀਡੀਪੀ ਆਗੂ ਚੰਦਰਬਾਬੂ ਨਾਇਡੂ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਅਦਾਕਾਰ ਤੇ ਜਨਸੈਨਾ ਪਾਰਟੀ ਦੇ ਆਗੂ ਪਵਨ ਕਲਿਆਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ, ਜੇਡੀਐੱਸ ਆਗੂ ਐੱਚ.ਡੀ.ਦੇਵਗੌੜਾ, ਐਨਸੀਪੀ ਆਗੂ ਪ੍ਰਫੁੱਲ ਪਟੇਲ ਤੇ ਏਜੀਪੀ ਦੇ ਅਤੁਲ ਬੋਰਾ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਜੇਪੀ ਨੱਢਾ ਮੌਜੂਦ ਸਨ। ਬੈਠਕ ਵਿਚ 16 ਪਾਰਟੀਆਂ ਦੇ ਕੁੱਲ 21 ਆਗੂ ਹਾਜ਼ਰ ਸਨ।

 

ਕੇਂਦਰੀ ਕੈਬਨਿਟ ਨੂੰ ਦਿੱਤੇ ਰਾਤਰੀ ਭੋਜ ਦੌਰਾਨ ਮੰਤਰੀਆਂ ਨਾਲ ਮੁਲਾਕਾਤ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। 

 

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨ ਅਵਾਮ ਮੋਰਚਾ ਦੇ ਆਗੂ ਜੀਤਨ ਰਾਮ ਮਾਂਝੀ ਨੇ ਬੈਠਕ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਐੱਨਡੀਏ ਭਾਈਵਾਲ 7 ਜੂਨ ਨੂੰ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਜਨਤਾ ਦਲ (ਯੂਨਾਈਟਿਡ) ਦੇ ਸੰਜੈ ਝਾਅ, ਜੋ ਬੈਠਕ ਵਿਚ ਮੌਜੂਦ ਸਨ, ਨੇ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਲਈ ਸਾਰੀਆਂ ਰਸਮੀ ਕਾਰਵਾਈਆਂ ਜਲਦੀ ਪੂਰੀਆਂ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਸ੍ਰੀ ਮੋਦੀ ਦੀ ਲੀਡਰਸ਼ਿਪ ਵਿਚ ਵਿਸ਼ਵਾਸ ਜਤਾਇਆ ਹੈ। ਬੈਠਕ ਦੌਰਾਨ ਗਰੀਬਾਂ, ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੰਮ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਲੈ ਕੇ ਮਤਾ ਵੀ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਐੱਨਡੀਏ ਸਰਕਾਰ ਦੇਸ਼ ਦੇ ਮੁਕੰਮਲ ਵਿਕਾਸ ਲਈ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰਦੀ ਰਹੇਗੀ ਤੇ ਇਸ ਦੌਰਾਨ ਦੇਸ਼ ਦੀ ਵਿਰਾਸਤ ਦੀ ਸੰਭਾਲ ਯਕੀਨੀ ਬਣਾਈ ਜਾਵੇਗੀ। ਮਤੇ ਵਿਚ ਕਿਹਾ ਗਿਆ, ‘‘ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਐੱਨਡੀਏ ਨੇ 2024 ਦੀਆਂ ਲੋਕ ਸਭਾ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਲੜੀਆਂ ਤੇ ਜਿੱਤੀਆਂ। ਅਸੀਂ ਸਾਰੇ ਐੱਨਡੀਏ ਆਗੂ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣਦੇ ਹਾਂ।’’ ਮਤੇ ਵਿਚ ਕਿਹਾ ਗਿਆ ਕਿ ਦੇਸ਼ ਨੇ ਪਿਛਲੇ ਦਸ ਸਾਲਾਂ ਵਿਚ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਹੇਠ ਲਏ ਲੋਕ-ਪੱਖੀ ਫੈਸਲਿਆਂ ਕਰਕੇ ਹਰੇਕ ਖੇਤਰ ਵਿਚ ਵਿਕਾਸ ਦੇਖਿਆ। ਚੇਤੇ ਰਹੇ ਕਿ ਲੋਕ ਸਭਾ ਚੋਣਾਂ ਦੇ ਲੰਘੇ ਦਿਨ ਐਲਾਨੇ ਨਤੀਜਿਆਂ ਵਿਚ ਐੱਨਡੀਏ ਗੱਠਜੋੜ ਨੇ ਕੇਂਦਰ ਵਿਚ ਸਰਕਾਰ ਬਣਾਉਣ ਲਈ ਲੋੜੀਂਦੇ 272 ਸੀਟਾਂ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਲਿਆ ਸੀ। ਹਾਲਾਂਕਿ ਭਾਜਪਾ 240 ਸੀਟਾਂ ਨਾਲ ਆਪਣੇ ਦਮ ’ਤੇ ਸਰਕਾਰ ਬਣਾਉਣ ਤੋਂ ਖੁੰਝ ਗਈ, ਜਿਸ ਕਰਕੇ ਪਾਰਟੀ ਨੂੰ ਹੁਣ ਭਾਈਵਾਲਾਂ ’ਤੇ ਟੇਕ ਰੱਖਣੀ ਪੈ ਰਹੀ ਹੈ। ਬੈਠਕ ਦੀ ਮੇਜ਼ਬਾਨੀ ਕਰਦਿਆਂ ਭਾਜਪਾ ਨੇ ਆਪਣੇ ਭਾਈਵਾਲਾਂ ਨਾਲ ਗੂੜ੍ਹੀ ਸਾਂਝ ਦੀ ਤਸਵੀਰ ਪੇਸ਼ ਕੀਤੀ। ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਨਿਤੀਸ਼ ਕੁਮਾਰ ਤੇ ਏਕਨਾਥ ਸ਼ਿੰਦੇ ਸ੍ਰੀ ਮੋਦੀ ਦੇ ਖੱਬੇ ਹੱਥ ਬੈਠੇ ਜਦੋਂਕਿ ਨੱਢਾ, ਸਿੰਘ ਤੇ ਸ਼ਾਹ ਪ੍ਰਧਾਨ ਮੰਤਰੀ ਦੇ ਸੱਜੇ ਹੱਥ ਸਨ। ਗਿਣਤੀ ਪੱਖੋਂ ਭਾਜਪਾ ਮਗਰੋਂ ਨਾਇਡੂ, ਕੁਮਾਰ ਤੇ ਸ਼ਿੰਦੇ ਐੱਨਡੀਏ ਦੇ ਸਭ ਤੋਂ ਵੱਡੇ ਭਾਈਵਾਲ ਹਨ। ਨਾਇਡੂ ਤੇ ਕੁਮਾਰ ਕੋਲ ਕੁੱਲ ਮਿਲਾ ਕੇ 28 ਸੰਸਦ ਮੈਂਬਰ ਹਨ। ਇਸ ਦੌਰਾਨ ਜਦੋਂ ਇਕ ਰਿਪੋਰਟਰ ਨੇ ਨਾਇਡੂ ਨੂੰ ਪੁੱਛਿਆ ਕਿ ਕੀ ਉਹ ਐੱਨਡੀਏ ਵਿਚ ਹਨ, ਤਾਂ ਉਨ੍ਹਾਂ ਕਿਹਾ, ‘‘ਅਸੀਂ ਮਿਲ ਕੇ ਚੋਣਾਂ ਲੜੀਆਂ ਹਨ। ਤੁਹਾਨੂੰ ਇਸ ਬਾਰੇ ਸ਼ੰਕੇ ਕਿਉਂ ਹਨ।’’ ਉਂਜ ਸ੍ਰੀ ਮੋਦੀ ਨੇ ਬੈਠਕ ਦੌਰਾਨ ਕਿਹਾ ਕਿ ਐੱਨਡੀਏ ਨੂੰ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਇਤਿਹਾਸਕ ਫ਼ਤਵਾ ਮਿਲਿਆ ਹੈ। ਐੱਨਡੀਏ ਭਾਈਵਾਲਾਂ ਨੇ ‘ਵਿਕਸਤ ਭਾਰਤ’ ਦੇ ਸਪਸ਼ਟ ਦ੍ਰਿਸ਼ਟੀਕੋਣ ਲਈ ਸ੍ਰੀ ਮੋਦੀ ਦੀ ਸ਼ਲਾਘਾ ਕੀਤੀ। 

ਰਾਸ਼ਟਰਪਤੀ ਵੱਲੋਂ 17ਵੀਂ ਲੋਕ ਸਭਾ ਭੰਗ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ ਕੀਤੀ ਸਿਫਾਰਸ਼ ’ਤੇ ਅੱਜ 17ਵੀਂ ਲੋਕ ਸਭਾ ਭੰਗ ਕਰ ਦਿੱਤੀ। ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਸ੍ਰੀ ਮੋਦੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਕੈਬਨਿਟ ਨਾਲ ਬੈਠਕ ਕੀਤੀ। ਮੀਟਿੰਗ ਵਿਚ ਸ੍ਰੀ ਮੋਦੀ ਨੇ ਅਗਲੀ ਸਰਕਾਰ ਲਈ ਆਪਣੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਅਤੇ ‘ਵਿਕਸਤ ਭਾਰਤ’ ਦੇ ਆਪਣੇ ਅਹਿਦ ਨੂੰ ਦੁਹਰਾਇਆ। ਸੂਤਰਾਂ ਮੁਤਾਬਕ ਕੈਬਨਿਟ ਮੀਟਿੰਗ ਵਿਚ ਚੋਣ ਨਤੀਜਿਆਂ ’ਤੇ ਵੀ ਚਰਚਾ ਕੀਤੀ ਗਈ। ਉਪਰੰਤ ਸ੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਤੇ ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਉਨ੍ਹਾਂ ਨੂੰ ਸੌਂਪ ਦਿੱਤੇ। ਰਾਸ਼ਟਰਪਤੀ ਨੇ ਅਸਤੀਫ਼ੇ ਪ੍ਰਵਾਨ ਕਰਦਿਆਂ ਸ੍ਰੀ ਮੋਦੀ ਤੇ ਕੇਂਦਰੀ ਮੰਤਰੀਆਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਹੈ। ਮੌਜੂਦਾ 17ਵੀਂ ਲੋਕ ਸਭਾ ਦੀ ਮਿਆਦ 16 ਜੂਨ ਨੂੰ ਖ਼ਤਮ ਹੋ ਰਹੀ ਹੈ। ਰਾਸ਼ਟਰਪਤੀ ਮੁਰਮੂ ਨੂੰ ਅਸਤੀਫ਼ਾ ਸੌਂਪਣ ਮਗਰੋਂ ਸ੍ਰੀ ਮੋਦੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵੀ ਮਿਲੇ।

ਮੁਰਮੂ ਵੱਲੋਂ ਕੈਬਨਿਟ ਨੂੰ ਵਿਦਾਇਗੀ ਦਾਅਵਤ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਕੇਂਦਰੀ ਕੈਬਨਿਟ ਲਈ ਵਿਦਾਇਗੀ ਭੋਜ ਦੀ ਮੇਜ਼ਬਾਨੀ ਕੀਤੀ। ਰਾਤ ਦੀ ਇਸ ਦਾਅਵਤ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਰਾਸ਼ਟਰਪਤੀ ਦਫ਼ਤਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਕੈਬਨਿਟ ਦੇ ਮੰਤਰੀਆਂ ਲਈ ਵਿਦਾਇਗੀ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ।’’ ਇਸ ਤੋਂ ਪਹਿਲਾਂ ਅੱਜ ਦਿਨੇ ਸ੍ਰੀ ਮੋਦੀ ਨੇ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਤੇ ਕੇਂਦਰੀ ਕੈਬਨਿਟ ਦਾ ਅਸਤੀਫ਼ਾ ਸੌਂਪ ਦਿੱਤਾ ਸੀ। 

 

Leave a Comment

[democracy id="1"]

You May Like This