Search
Close this search box.

ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜਥਾ ਸ਼ੰਭੂ ਮੋਰਚੇ ’ਚ ਪੁੱਜਾ

ਚੰਡੀਗੜ੍ਹ, 2 ਜੂਨ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਵਾਉਣ ਲਈ ਸ਼ੰਭੂ ਵਿੱਚ ਚੱਲ ਰਹੇ ਮੋਰਚੇ ਦੀ ਮਜ਼ਬੂਤੀ ਲਈ ਕਿਸਾਨਾਂ ਨੇ ਵਿਉਂਤਬੰਦੀ ਕਰ ਲਈ ਹੈ। ਅੱਜ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਵੱਡਾ ਜਥਾ ਦੇਰ ਰਾਤ ਸ਼ੰਭੂ ਮੋਰਚੇ ਵਿੱਚ ਪਹੁੰਚ ਗਿਆ। ਇਹ ਜਥਾ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਹੇਠ ਟਰੈਕਟਰ ਟਰਾਲੀਆਂ ਰਾਹੀਂ ਸ਼ੰਭੂ ਮੋਰਚੇ ਵਿੱਚ ਪਹੁੰਚ ਗਿਆ ਹੈ। ਸ੍ਰੀ ਪੰਧੇਰ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਇਹ ਸੰਘਰਸ਼ ਲੰਬਾ ਸਮਾਂ ਚੱਲੇਗਾ। ਇਸੇ ਕਰਕੇ ਮੋਰਚੇ ਨੂੰ ਮਜ਼ਬੂਤੀ ਨਾਲ ਚਲਾਉਣ ਲਈ ਪੰਜਾਬ ਭਰ ਤੋਂ ਕਿਸਾਨ ਮੋਰਚੇ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਵੱਡਾ ਜਥਾ ਮੋਰਚੇ ਵਿੱਚ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਰਦਾਸਪੁਰ ਤੇ ਸੂਬੇ ਦੇ ਹੋਰਨਾਂ ਹਿੱਸਿਆ ਤੋਂ ਪੜਾਅਵਾਰ ਜਥੇ ਸ਼ਮੂਲੀਅਤ ਕਰਨਗੇ। ਸ੍ਰੀ ਪੰਧੇਰ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਨੇ ਸਾਧਾਰਨ ਪੱਧਰ ਦੀ ਗਿਣਤੀ ਵਿੱਚ ਵੋਟਾਂ ਪਾਉਣ ਵਿੱਚ ਹਿੱਸਾ ਲਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਨੂੰ ਇਨ੍ਹਾਂ ਰਾਜਸੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਆਸਤ ਪਸੰਦ ਨਹੀਂ ਹੈ। ਨਵੀਂ ਸਰਕਾਰ ਕਿਸੇ ਦੀ ਵੀ ਬਣੇ, ਪਰ ਇਹ ਅੰਦੋਲਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਕੰਧਾਰ ਸਿੰਘ ਭੋਇਵਾਲ, ਅਮਨਿੰਦਰ ਸਿੰਘ ਮਾਲੋਵਾਲ, ਚਰਨ ਸਿੰਘ ਕਲੇਰ ਘੁੰਮਾਣ, ਅਮਰੀਕ ਸਿੰਘ ਜਮਾਲਪੁਰ, ਰਣਜੀਤ ਸਿੰਘ ਚਾਟੀਵਿੰਡ, ਸੁਖਦੇਵ ਸਿੰਘ ਕਾਜ਼ੀਕੋਟ, ਗੁਰਬਾਜ਼ ਸਿੰਘ ਭੁੱਲਰ ਤੇ ਮੁਖਤਾਰ ਸਿੰਘ ਭਗਵਾਂ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਚੋਣ ਕਮਿਸ਼ਨ ਦੇ ਨਾਂ ਖੁੱਲ੍ਹਾ ਪੱਤਰ

ਚੰਡੀਗੜ੍ਹ (ਟਨਸ): ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖ ਕੇ ਵੋਟਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਮੰਗ ਕੀਤੀ ਹੈ। ਮੋਰਚੇ ਦੇ ਆਗੂਆਂ ਨੇ ਖ਼ਦਸ਼ਾ ਜਤਾਇਆ ਕਿ ਸੱਤਾਧਾਰੀ ਧਿਰ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਣ ਲਈ ਕੁਝ ਵੀ ਕਰ ਸਕਦੀ ਹੈ। ਇਸ ਕਰਕੇ ਵੋਟਾਂ ਦੀ ਗਿਣਤੀ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਆਗੂਆਂ ਨੇ ਮੰਗ ਕੀਤੀ ਕਿ ਵੋਟਾਂ ਦੀ ਗਿਣਤੀ ਦੌਰਾਨ ਸਮੇਂ-ਸਮੇਂ ’ਤੇ ਗਿਣਤੀ ਦੇ ਅੰਕੜੇ ਲੋਕਾਂ ਦੇ ਸਾਹਮਣੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਗਿਣਤੀ ਦੌਰਾਨ ਕਿਸੇ ਵੱਲੋਂ ਵੀ ਕਿਸੇ ਕਿਸਮ ਦੀ ਛੇੜ-ਛਾੜ ਦੀ ਕੋਸ਼ਿਸ਼ ਹੋਣ ’ਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਵੋਟਾਂ ਦੀ ਗਿਣਤੀ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਚੋਣ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਜਿਸ ਨਾਲ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਬਹਾਲ ਰਹਿ ਸਕੇ।

Leave a Comment

[democracy id="1"]

You May Like This