30 ਸਾਲਾਂ ਵਿੱਚ ਪਹਿਲੀ ਵਾਰ ਬਹੁਮਤ ਗੁਆਇਆ; ਚੋਣ ਕਮਿਸ਼ਨ ਨੇ ਰਮਸੀ ਤੌਰ ’ਤੇ ਅਜੇ ਨਹੀਂ ਐਲਾਨ ਨਤੀਜੇ
ਜੋਹਾਨੈੱਸਬਰਗ, 1 ਜੂਨ
ਦੱਖਣੀ ਅਫਰੀਕਾ ਵਿੱਚ ਇਤਿਹਾਸਕ ਚੋਣਾਂ ਦੇ ਨਤੀਜਿਆਂ ਵਿੱਚ ਅਫਰੀਕਨ ਨੈਸ਼ਨਲ ਪਾਰਟੀ (ਏਐੱਨਸੀ) ਨੂੰ ਸੰਸਦ ਵਿੱਚ ਬਹੁਮਤ ਨਹੀਂ ਮਿਲਿਆ ਹੈ। ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਮੁਕਤ ਕਰਵਾਉਣ ਵਾਲੀ ਏਐੱਨਸੀ ਪਾਰਟੀ ਨੇ ਇਸ ਤਰ੍ਹਾਂ 30 ਸਾਲਾਂ ਵਿੱਚ ਪਹਿਲੀ ਵਾਰ ਬਹੁਮਤ ਗੁਆਇਆ ਹੈ।
ਸੰਸਦੀ ਚੋਣਾਂ ਲਈ ਬੁੱਧਵਾਰ ਨੂੰ ਪਈਆਂ ਵੋਟਾਂ ਮਗਰੋਂ ਖ਼ਬਰ ਲਿਖੇ ਜਾਣ ਤੱਕ ਲਗਪਗ 99 ਫੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ ਅਤੇ ਸੱਤਾਧਾਰੀ ਪਾਰਟੀ ਏਐੱਨਸੀ ਨੂੰ 40 ਫੀਸਦ ਤੋਂ ਜ਼ਿਆਦਾ ਵੋਟਾਂ ਮਿਲੀਆਂ ਜੋ ਕਿ ਬਹੁਮਤ ਤੋਂ ਘੱਟ ਹਨ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੀ ਅਗਵਾਈ ਵਾਲੀ ਏਐੱਨਸੀ ਨੇ 30 ਸਾਲ ਪਹਿਲਾਂ 1994 ਵਿੱਚ ਨੈਲਸਨ ਮੰਡੇਲਾ ਦੇ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਹੁਮਤ ਗੁਆਇਆ ਹੈ। ਚੋਣ ਕਮਿਸ਼ਨ ਨੇ ਅਜੇ ਆਖਰੀ ਨਤੀਜਿਆਂ ਦਾ ਰਸਮੀ ਤੌਰ ’ਤੇ ਐਲਾਨ ਨਹੀਂ ਕੀਤਾ ਹੈ ਪਰ ਏਐੱਨਸੀ ਨੂੰ 50 ਫੀਸਦ ਤੋਂ ਵੱਧ ਵੋਟਾਂ ਨਹੀਂ ਮਿਲ ਸਕਦੀਆਂ। ਵਿਰੋਧੀ ਪਾਰਟੀਆਂ ਨੇ ਇਸ ਨੂੰ ਗ਼ਰੀਬੀ ਅਤੇ ਅਸਮਾਨਤਾ ਨਾਲ ਜੂਝ ਰਹੇ ਦੇਸ਼ ਲਈ ਇਕ ਅਹਿਮ ਸਫਲਤਾ ਦੱਸਿਆ। ਏਐੱਨਸੀ ਹਾਲਾਂਕਿ, ਕਿਸੇ ਤਰ੍ਹਾਂ ਸਭ ਤੋਂ ਵੱਡੀ ਪਾਰਟੀ ਬਣੀ ਰਹੀ ਪਰ ਹੁਣ ਉਸ ਨੂੰ ਸਰਕਾਰ ’ਚ ਬਣੇ ਰਹਿਣ ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਦੂਜੇ ਕਾਰਜਕਾਲ ਲਈ ਮੁੜ ਤੋਂ ਚੁਣੇ ਜਾਣ ਵਾਸਤੇ ਗੱਠਜੋੜ ਸਹਿਯੋਗੀਆਂ ਦੀ ਭਾਲ ਕਰਨੀ ਹੋਵੇਗੀ। ਚੋਣਾਂ ਦੇ ਸ਼ੁਰੂ ਵਿੱਚ ਕਮਿਸ਼ਨ ਨੇ ਕਿਹਾ ਸੀ ਕਿ ਉਸ ਵੱਲੋਂ ਨਤੀਜਿਆਂ ਦਾ ਰਸਮੀ ਐਲਾਨ ਐਤਵਾਰ ਤੱਕ ਕੀਤਾ ਜਾਵੇਗਾ ਪਰ ਨਤੀਜੇ ਜਲਦੀ ਵੀ ਆ ਸਕਦੇ ਹਨ।