ਅੰਮ੍ਰਿਤਸਰ , 1 ਜੂਨ 2024
ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ ਬੂਥਾਂ ਉੱਤੇ ਕੀਤੇ। ਹਰੇਕ ਵਿਧਾਨਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉੱਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕਪੜੇ ਦੇ ਬਣੇ ਬੈਗ ਵੰਡੇ। ਇਸ ਮੌਕੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਬੂਥਾਂ ਉੱਪਰ ਲਗਾਏ ਗਏ ਅਤੇ ਲੋਕਾਂ ਨੂੰ ਇਸ ਲਈ ਜਾਗਰੂਕ ਕਰਨ ਵਾਸਤੇ ਸਾਹਿਤ ਵੀ ਵੰਡਿਆ ਗਿਆ। ਜਿਲ੍ਹਾਂ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਸ ਵਾਰ ਚੋਣ ਬੂਥਾਂ ਉੱਤੇ ਇਹ ਤਬਦੀਲੀ ਵੇਖਣ ਨੂੰ ਮਿਲੀ ਵਲੋਂ ਹਰੇਕ ਬੂਥ ਉੱਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਤਾਂ ਜੋ ਕਿਸੇ ਲੋੜਵੰਦ ਵੋਟਰ ਨੂੰ ਬੂਥ ਉੱਤੇ ਜਾਣ ਲਈ ਕੋਈ ਸਮੱਸਿਆ ਨਾ ਆਵੇ। ਇਨਾਂ ਚੇਅਰਾਂ ਨੂੰ ਵਰਤਣ ਲਈ ਹਰੇਕ ਬੂਥ ਉੱਤੇ ਸਿਖਲਾਈ ਪ੍ਰਾਪਤ ਵਲੰਟੀਅਰ ਵੀ ਮੌਜੂਦ ਰਹੇ, ਜੋ ਕਿ ਸਾਰਾ ਦਿਨ ਲੋੜਵੰਦਾਂ ਦੀ ਸਹਾਇਤਾ ਕਰਦੇ ਰਹੇ।
ਸਥਾਨਕ ਐਸ ਐਲ ਭਵਨ ਸਕੂਲ ਵਿਚ ਬਣਾਇਆ ਗਿਆ ਸੁਪਰ ਮਾਡਲ ਸਕੂਲ ਵੋਟਰਾਂ ਲਈ ਖਿੱਚ ਦਾ ਕੇਂਦਰ ਰਿਹਾ। ਇੱਥੇ ਵੋਟਰਾਂ ਦਾ ਸਵਾਗਤ ਲਈ ਢੋਲ, ਰੰਗੋਲੀ, ਚਾਹ, ਪਾਣੀ, ਲੱਸੀ ਤੋਂ ਇਲਾਵਾ ਗੋਲਗੱਪੇ, ਟਿੱਕੀ, ਚਾਟ ਵਰਗੇ ਪਕਵਾਨ ਪਰੋਸੇ ਗਏ। ਇਸ ਤੋਂ ਇਲਾਵਾ ਸ਼ਾਹੀ ਟੈਂਟ ਦੀ ਸਜਾਵਟ, ਵਧੀਆ ਉਡੀਕ ਘਰ, ਬੱਚਿਆਂ ਲਈ ਕਰੈਚ, ਕਿਤਾਬਾਂ ਦੀ ਪ੍ਰਦਰਸ਼ਨੀ, ਮਹਿਲਾ ਵੋਟਰਾਂ ਲਈ ਨੇਲ ਆਰਟ ਦਾ ਪ੍ਰਬੰਧ ਅਤੇ ਨੌਜਵਾਨ ਵੋਟਰਾਂ ਨੂੰ ਕਿੱਤਾ ਮੁਖੀ ਸਿੱਖਿਆ ਤੋਂ ਜਾਣੂੰ ਕਰਵਾਉਣ ਲਈ ਤਕਨੀਕੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੀ। ਵੋਟਰਾਂ ਨੇ ਇਨਾਂ ਪਕਵਾਨਾਂ ਅਤੇ ਸੇਵਾਵਾਂ ਦਾ ਆਨੰਦ ਲੈਂਦੇ ਹੋਏ ਵੋਟਾਂ ਪਾਈਆਂ। ਲੋਕਤੰਤਰ ਦੇ ਇਸ ਤਿਓਹਾਰ ਵਿੱਚ ਰਿਵਾਇਤ ਤੋਂ ਹਟ ਕੇ ਕੀਤੀ ਗਈ ਤਬਦੀਲੀ ਜਿਲ੍ਹਾਂ ਵਾਸੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ। ਇਸ ਮੌਕੇ 18 ਸਾਲ ਪੂਰੇ ਹੋਣ ਉਪਰੰਤ ਪਹਿਲੀ ਵਾਰ ਵੋਟ ਪਾਉਣ ਆਉਣ ਵਾਲੇ ਨੌਜਵਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਜਿਲ੍ਹਾ ਪ੍ਰਸਾਸ਼ਨ ਵਲੋਂ ਵੋਟ ਪਾਉਣ ਲਈ ਤਾਇਨਾਤ ਕੀਤੇ ਗਏ ਅਮਲੇ, ਸੁਰੱਖਿਆਂ ਵਿੱਚ ਲੱਗੇ ਕਰਮਚਾਰੀਆਂ ਅਤੇ ਵਲੰਟੀਅਰਾਂ ਦਾ ਵਤੀਰਾ ਵੀ ਸਲਾਹੁਣਾ ਯੋਗ ਰਿਹਾ। ਭੱਖਦੀ ਗਰਮੀ ਦੇ ਬਾਵਜੂਦ ਇਹ ਅਮਲਾ ਬੜੇ ਠਰੰਮੇ ਨਾਲ ਸੇਵਾਵਾਂ ਦਿੰਦਾ ਰਿਹਾ। ਜਿਸ ਦੀ ਤਾਰੀਫ ਸੀਨੀਅਰ ਸੀਟੀਜਨ ਅਤੇ ਪੱਤਰਕਾਰਾਂ ਨੇ ਵੀ ਕੀਤੀ। ਬੀ.ਬੀ.ਸੀ. ਦੇ ਰਿਪੋਰਟਰ ਸ: ਰਵਿੰਦਰ ਸਿੰਘ ਰੋਬਿਨ ਜਿਨ੍ਹਾਂ ਦੀ ਤਬੀਅਤ ਨਾ ਸਾਜ ਹੋਣ ਦੇ ਬਾਵਜੂਦ ਉਹ ਕਵਰੇਜ ਲਈ ਗਏ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਵਿਖਾਉਣ ਅਤੇ ਆਪਣੇ ਸਿਹਤ ਬਾਰੇ ਦੱਸਣ ਤੇ ਉੱਥੇ ਤਾਇਨਾਤ ਅਮਲੇ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਪੀਣ ਲਈ ਸ਼ਰਬਤ, ਵੀਲ ਚੇਅਰ, ਛਾਂ ਅਤੇ ਪੱਖੇ ਦੀ ਹਵਾ ਨਾਲ ਵੋਟਾਂ ਪਾਉਣ ਵਾਲਿਆਂ ਦੇ ਨਾਲ ਨਾਲ ਕਵਰੇਜ ਕਰਦੇ ਪੱਤਰਕਾਰ ਵੀ ਬਿਨਾਂ ਕਿਸੇ ਤਕਲੀਫ ਤੋਂ ਆਪਣਾ ਕੰਮ ਪੂਰਾ ਕਰ ਸਕੇ। ਅਟਾਰੀ ਤੋਂ ਬਜ਼ੁਰਗ ਵੋਟਰ ਮਨਜੀਤ ਕੌਰ ਅਤੇ ਸ: ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨਾਂ ਨੇ ਆਪਣੀ ਸਰੀਰਿਕ ਅਸਮੱਰਥਾ ਤੋਂ ਬੀ.ਐਲ.ਓ. ਨੂੰ ਜਾਣੂੰ ਕਰਵਾਇਆ ਤਾਂ ਉਨਾਂ ਗੱਡੀ ਭੇਜ ਕੇ ਸਾਡੀਆਂ ਵੋਟਾਂ ਭੁਗਤਾਈਆਂ।